ਕਣਕ ਦੀ ਖਰੀਦ ‘ਚ ਦੇਰੀ ‘ਤੇ ਕਿਸਾਨਾਂ ਦਾ ਗੁੱਸਾ ਭੜਕਿਆ, ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਦੀ ਚੇਤਾਵਨੀ
ਪੰਜਾਬ ਵਿਚ ਕਣਕ ਦੀ ਖਰੀਦ ‘ਚ ਹੋ ਰਹੀ ਦੇਰੀ
Publish Date: Wed, 15 Apr 2026 05:40 PM (IST)
Updated Date: Thu, 16 Apr 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪੰਜਾਬ ਵਿਚ ਕਣਕ ਦੀ ਖਰੀਦ ‘ਚ ਹੋ ਰਹੀ ਦੇਰੀ ਨੂੰ ਲੈ ਕੇ ਕਿਸਾਨਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਗੱਲਬਾਤ ਕਰਦਿਆਂ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ ਕਿ ਸਰਕਾਰ ਜਾਨ-ਬੁੱਝ ਕੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਨੇ ਪਹਿਲਾਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ 15 ਅਪ੍ਰੈਲ ਤੱਕ ਵੀ ਖਰੀਦ ਏਜੰਸੀਆਂ ਮੰਡੀਆਂ ‘ਚ ਨਹੀਂ ਪਹੁੰਚੀਆਂ। ਇਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ 26 ਰਾਜਾਂ ਵਿਚ ਪਹਿਲਾਂ ਹੀ ਸਰਕਾਰ ਸਿੱਧੀ ਖਰੀਦ ਨਹੀਂ ਕਰਦੀ ਅਤੇ ਹੁਣ ਪੰਜਾਬ ਵਿਚ ਵੀ ਖਰੀਦ ਏਜੰਸੀਆਂ ਨੂੰ ਰੋਕਿਆ ਜਾ ਰਿਹਾ ਹੈ, ਜੋ ਕਿਸਾਨ ਵਿਰੋਧੀ ਨੀਤੀ ਦਾ ਸਪਸ਼ਟ ਸੰਕੇਤ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਪਹਿਲਾਂ ਹੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਨੇ ਬੜੀਆਂ ਮੁਸ਼ਕਲਾਂ ਨਾਲ ਕਣਕ ਦੀ ਫਸਲ ਤਿਆਰ ਕੀਤੀ ਹੈ ਅਤੇ ਹੁਣ ਉਹ ਖੁੱਲ੍ਹੇ ਅਸਮਾਨ ਹੇਠ ਪਈ ਹੋਈ ਹੈ। ਉਨ੍ਹਾਂ ਚਿੰਤਾ ਜਤਾਈ ਕਿ ਕੇਂਦਰ ਵੱਲੋਂ ਭੇਜੀ ਗਈ 9 ਮੈਂਬਰੀ ਟੀਮ ਕਣਕ ਦੀ ਗੁਣਵੱਤਾ ਦੇ ਆਧਾਰ ‘ਤੇ ਰੇਟ ਘਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਜੇਕਰ ਦਾਣਾ ਕਾਲਾ ਜਾਂ ਪਿਚਕਿਆ ਹੋਇਆ ਮਿਲਿਆ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਮੌਕੇ ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਹੁਣ ਵੀ ਚੁੱਪ ਰਹੇ ਤਾਂ ਕੇਂਦਰ ਸਰਕਾਰ ਮੁਕਤ ਵਪਾਰ ਸਮਝੌਤਿਆਂ ਰਾਹੀਂ ਵਿਦੇਸ਼ਾਂ ਤੋਂ ਕਣਕ ਮੰਗਵਾ ਸਕਦੀ ਹੈ, ਜਿਸ ਨਾਲ ਦੇਸ਼ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੇਕਰ ਤੁਰੰਤ ਕਣਕ ਦੀ ਖਰੀਦ ਸ਼ੁਰੂ ਨਾ ਹੋਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਪੰਜਾਬ ਦੇ ਮੰਡੀਆਂ ਵਿਚ ਬਣਦਾ ਇਹ ਮਾਹੌਲ ਆਉਣ ਵਾਲੇ ਦਿਨਾਂ ਵਿਚ ਵੱਡੇ ਅੰਦੋਲਨ ਦਾ ਰੂਪ ਵੀ ਧਾਰ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਜਗਸੀਰ ਸਿੰਘ ਜੱਗੀ ਬਾਘਾਪੁਰਾਣਾ, ਬਲਕਰਨ ਸਿੰਘ ਢਿੱਲੋਂ, ਜਗਦੀਪ ਸਿੰਘ ਖੋਸਾ ਕੋਟਲਾ, ਸੁਰਜੀਤ ਸਿੰਘ ਖੋਸਾ ਕੋਟਲਾ, ਜਗਰੂਪ ਸਿੰਘ ਖੋਸਾ ਕੋਟਲਾ, ਬਲਵੰਤ ਸਿੰਘ ਬਹੋਨਾ, ਸੁਖਚੈਨ ਸਿੰਘ ਬਹੋਨਾ, ਕੁਲਜੀਤ ਸਿੰਘ ਘਲ ਕਲਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।