ਘਰ ਦੀ ਕੁਰਕੀ ਕਰਨ ਪੁੱਜੇ ਬੈਂਕ ਅਫਸਰਾਂ ਦਾ ਕੀਤਾ ਘਿਰਾਓ
ਘਰ ਦੀ ਕੁਰਕੀ ਕਰਨ ਲਈ
Publish Date: Sat, 31 Jan 2026 05:37 PM (IST)
Updated Date: Sun, 01 Feb 2026 04:08 AM (IST)

ਬੀਕੇਯੂ ਕ੍ਰਾਂਤੀਕਾਰੀ ਤੇ ਈ-ਰਿਕਸ਼ਾ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਘਰ ਦੀ ਕੁਰਕੀ ਕਰਨ ਲਈ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਅਤੇ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਬਿਨ੍ਹਾ ਕਿਸੇ ਕਾਰਵਾਈ ਦੇ ਵਾਪਿਸ ਮੁੜਨਾ ਪਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਈਰਿਕਸ਼ਾ ਯੂਨੀਅਨ ਨੇ ਸਖ਼ਤ ਮੋਰਚਾ ਖੋਲ੍ਹਿਆ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਦੋ ਟੁੱਕ ਸ਼ਬਦਾਂ ਵਿਚ ਐਲਾਨ ਕੀਤਾ ਕਿ ਪਰਮਜੀਤ ਸਿੰਘ ਦੇ ਘਰ ਦੀ ਕਿਸੇ ਵੀ ਕੀਮਤ ’ਤੇ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਬੈਂਕ ਪ੍ਰਸ਼ਾਸਨ ਨੇ ਜ਼ਬਰਦਸਤੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਸਕੱਤਰ ਰਣਜੀਤ ਸਿੰਘ ਨਿਧਾਂਵਾਲਾ, ਬਾਘਾਪੁਰਾਣਾ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਰੋਡੇ, ਜੀਵਨ ਸਿੰਘ ਰਾਜੇਆਣਾ ਅਤੇ ਕ੍ਰਾਂਤੀਕਾਰੀ ਈਰਿਕਸ਼ਾ ਯੂਨੀਅਨ ਦੇ ਪ੍ਰਧਾਨ ਸਰਵਣ ਬਰਾੜ ਨੇ ਦੱਸਿਆ ਕਿ 29 ਜਨਵਰੀ ਨੂੰ ਜਦੋਂ ਬੈਂਕ ਅਧਿਕਾਰੀ ਪਰਮਜੀਤ ਸਿੰਘ ਦੇ ਘਰ ਦੀ ਕੁਰਕੀ ਕਰਨ ਲਈ ਪਹੁੰਚੇ ਤਾਂ ਜ਼ਿਲ੍ਹਾ ਪ੍ਰੈੱਸ ਸਕੱਤਰ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਲੋਕਾਂ ਦਾ ਵੱਡਾ ਇਕੱਠ ਮੌਕੇ ’ਤੇ ਇਕੱਠਾ ਹੋ ਗਿਆ। ਲੋਕਾਂ ਦੀ ਏਕਜੁੱਟਤਾ ਅਤੇ ਵਿਰੋਧ ਨੂੰ ਦੇਖਦਿਆਂ ਅਧਿਕਾਰੀਆਂ ਨੂੰ ਬਿਨ੍ਹਾਂ ਕਿਸੇ ਕਾਰਵਾਈ ਦੇ ਵਾਪਿਸ ਮੁੜਨਾ ਪਿਆ ਆਗੂਆਂ ਨੇ ਦੱਸਿਆ ਕਿ ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਵੱਲੋਂ ਸਾਲ 2024 ਵਿਚ 33 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਪਰਿਵਾਰ ਨੇ ਆਪਣੀ ਆਰਥਿਕ ਸਮਰੱਥਾ ਅਨੁਸਾਰ ਬੈਂਕ ਨੂੰ 50 ਹਜ਼ਾਰ ਰੁਪਏ ਪ੍ਰਤੀ ਕਿਸ਼ਤ ਦੇ ਹਿਸਾਬ ਨਾਲ ਲਗਾਤਾਰ 15 ਕਿਸ਼ਤਾਂ ਅਦਾ ਕੀਤੀਆਂ ਜੋ ਇਹ ਸਾਬਤ ਕਰਦਾ ਹੈ ਕਿ ਪਰਿਵਾਰ ਦੀ ਨੀਅਤ ਕਦੇ ਵੀ ਕਰਜ਼ਾ ਨਾ ਚੁਕਾਉਣ ਦੀ ਨਹੀਂ ਰਹੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪਰਿਵਾਰ ਦੀ ਮਾਲੀ ਹਾਲਤ ਉਸ ਸਮੇਂ ਬੁਰੀ ਤਰ੍ਹਾਂ ਡਗਮਗਾ ਗਈ ਜਦੋਂ ਪਰਮਜੀਤ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਟਰੈਵਲ ਏਜੰਟ ਵੱਲੋਂ ਵੱਡੀ ਠੱਗੀ ਮਾਰੀ ਗਈ। ਨਾ ਤਾਂ ਬੱਚਾ ਵਿਦੇਸ਼ ਜਾ ਸਕਿਆ ਅਤੇ ਨਾ ਹੀ ਪਰਿਵਾਰ ਨੂੰ ਆਪਣਾ ਪੈਸਾ ਵਾਪਿਸ ਮਿਲਿਆ। ਇਸ ਕਾਰਨ ਕਰਕੇ 8 ਕਿਸ਼ਤਾਂ ਟੁੱਟ ਗਈਆਂ। ਬਾਵਜੂਦ ਇਸਦੇ, ਪਰਿਵਾਰ ਨੇ ਹੌਂਸਲਾ ਨਹੀਂ ਹਾਰਿਆ ਅਤੇ ਮੁੜ ਕਿਸ਼ਤਾਂ ਸ਼ੁਰੂ ਕਰਦਿਆਂ 5 ਹੋਰ ਕਿਸਤਾਂ ਵੀ ਭਰ ਦਿੱਤੀਆਂ। ਆਗੂਆਂ ਨੇ ਦੋਸ਼ ਲਗਾਇਆ ਕਿ ਇਸਦੇ ਬਾਵਜੂਦ ਬੈਂਕ ਵੱਲੋਂ ਮੋਹਾਲੀ ਵਿਚ ਕੇਸ ਦਰਜ ਕਰਵਾ ਦਿੱਤਾ ਗਿਆ ਜੋ ਬੈਂਕ ਦੇ ਹੱਕ ਵਿਚ ਨਿਪਟਾਇਆ ਗਿਆ। ਕਿਸਾਨ ਜਥੇਬੰਦੀਆਂ ਨੇ ਸਵਾਲ ਖੜ੍ਹਾ ਕੀਤਾ ਕਿ ਜਦੋਂ ਪਰਮਜੀਤ ਸਿੰਘ ਅੱਜ ਵੀ ਬਾਕੀ ਰਹਿੰਦੀਆਂ ਕਿਸਤਾਂ ਭਰਨ ਲਈ ਤਿਆਰ ਹੈ ਤਾਂ ਫ਼ਿਰ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਕਰਨ ਦੀ ਜ਼ਿੱਦ ਕਿਉਂ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਇਕੱਠੇ ਸਾਰੇ ਪੈਸੇ ਨਹੀਂ ਭਰ ਸਕਦਾ, ਇਸ ਲਈ ਉਸਨੂੰ ਕਿਸ਼ਤਾਂ ਵਿਚ ਰਾਹਤ ਦਿੱਤੀ ਜਾਵੇ ਨਾ ਕਿ ਉਸਦੇ ਸਿਰ ਤੋਂ ਛੱਤ ਖੋਹੀ ਜਾਵੇ। ਜਥੇਬੰਦੀਆਂ ਨੇ ਸਾਫ਼ ਚੇਤਾਵਨੀ ਦਿੱਤੀ ਕਿ ਜੇਕਰ 16 ਫ਼ਰਵਰੀ ਨੂੰ ਬੈਂਕ ਪ੍ਰਸ਼ਾਸਨ ਪੁਲਿਸ ਦੀ ਮਦਦ ਨਾਲ ਕੁਰਕੀ ਕਰਨ ਆਇਆ ਤਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਈਰਿਕਸ਼ਾ ਯੂਨੀਅਨ ਦੇ ਸੈਂਕੜੇ ਵਰਕਰ ਮੌਕੇ ’ਤੇ ਪਹੁੰਚ ਕੇ ਵਿਰੋਧ ਕਰਨਗੇ। ਅੰਤ ਵਿਚ ਜਥੇਬੰਦੀਆਂ ਵੱਲੋਂ ਸਮੂਹ ਇਲਾਕਾ ਨਿਵਾਸੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਕਿ 16 ਫ਼ਰਵਰੀ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਲੋਹਰੀਆਂ ਮੁਹੱਲਾ ਗੁਰਦੁਆਰਾ ਗੁਰੂਸਰ ਮੋਗਾ ਦੇ ਨੇੜੇ ਪਹੁੰਚ ਕੇ ਇਸ ਲੋਕ ਸੰਘਰਸ਼ ਨੂੰ ਕਾਮਯਾਬ ਬਣਾਇਆ ਜਾਵੇ। ਆਗੂਆਂ ਨੇ ਦੋ ਟੁੱਕ ਸ਼ਬਦਾਂ ਵਿਚ ਕਿਹਾ ਕਿ ਇਕੱਠ ਅਤੇ ਸੰਘਰਸ਼ ਦੀ ਤਾਕਤ ਨਾਲ ਪਰਮਜੀਤ ਸਿੰਘ ਦਾ ਘਰ ਹਰ ਹਾਲਤ ਵਿਚ ਬਚਾਇਆ ਜਾਵੇਗਾ।