ਕਿਸਾਨ ਯੂਨੀਅਨ ਨੇ ਭਾਜਪਾ ਆਗੂ ਦੇ ਘਰ ਅੱਗੇ ਲਾਇਆ ਧਰਨਾ
ਅੱਜ ਸੰਯੁਕਤ ਕਿਸਾਨ ਮੋਰਚੇ ਦੇ
Publish Date: Sun, 22 Feb 2026 04:27 PM (IST)
Updated Date: Mon, 23 Feb 2026 04:01 AM (IST)

ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ’ਚ ਕੀਤੀ ਨਾਅਰੇਬਾਜ਼ੀ ਅਵਤਾਰ ਸਿੰਘ ਪੰਜਾਬੀ ਜਾਗਰਣ, ਮੋਗਾ : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਪੱਧਰੇ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਵੰਨ, ਬਲਾਕ ਨਿਹਾਲਸਿੰਘ ਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਜਪਾ ਆਗੂ ਹਰਜੋਤ ਕਮਲ ਦੀ ਅਜੀਤਵਾਲ ਰਿਹਾਇਸ਼ ਅੱਗੇ ਧਰਨਾ ਲਾਇਆ ਗਿਆ। ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਦੀ ਹੱਥ ਠੋਕਾ ਬਣ ਲਗਾਤਰ ਆਮ ਜਨਤਾ ਵਿਰੋਧੀ ਕਨੂੰਨ ਲਿਆ ਰਹੀ ਹੈ ਅਤੇ ਸਾਮਰਾਜੀ ਮੁਲਕਾਂ ਨਾਲ ਸਮਝੌਤੇ ਕਰ ਰਹੀ ਹੈ। ਆਗੂਆਂ ਨੇ ਕਿਹਾ ਇਸੇ ਲੜੀ ਤਹਿਤ ਸੀਡ ਬਿੱਲ, ਬਿਜਲੀ ਬਿੱਲ 2025, ਲੇਬਰ ਕੋਡ ਸੋਧ, ਵਰਗੇ ਆਮ ਵਰਗ ਮਾਰੂ ਬਿੱਲ ਲਿਆਂਦੇ ਗਏ ਹਨ।ਉਨ੍ਹਾਂ ਕਿਹਾ ਕਿ ਇਹ ਬਿਜਲੀ ਬਿੱਲ ਲਿਆ ਸਰਕਾਰ ਵੱਲੋਂ ਜਿੱਥੇ ਆਮ ਲੋਕਾਂ ਨੂੰ ਮਿਲਣ ਵਾਲੀ ਸਬਸਿਡੀ ਬੰਦ ਕੀਤੀ ਜਾਵੇਗੀ ਉੱਥੇ ਹੀ ਕਿਸਾਨਾਂ ਨੂੰ ਮਿਲਣ ਵਾਲੀ ਫ੍ਰੀ ਬਿਜਲੀ ਬੰਦ ਕਰ ਕਿਸਾਨੀ ਅਤੇ ਵੱਡਾ ਕਿਸਾਨ ਮਾਰੂ ਹੱਲਾ ਕਰਨ ਦੀ ਤਿਆਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਇਸੇ ਲੜੀ ਤਹਿਤ ਬੀਜ਼ ਸੋਧ ਐਕਟ ਲਿਆ ਕਿਸਾਨੀ, ਜ਼ਮੀਨਾਂ ਕਾਰਪੋਰੇਟ ਨੂੰ ਸੌਪਣ ਦੀ ਸਰਕਾਰ ਦੀ ਮਨਸ਼ਾ ਸਾਫ਼ ਦਿਖਾਈ ਦੇ ਰਹੀ ਹੈ। ਆਗੂਆਂ ਨੇ ਕਿਹਾ ਅਮਰੀਕਾ ਨਾਲ ਫ੍ਰੀ ਟਰੇਡ ਸਮਝੌਤਾ ਕਰਕੇ ਮੋਦੀ ਸਰਕਾਰ ਨੇ ਸਾਡੇ ਖੇਤੀ ਢਾਂਚੇ ਦੇ ਗਲ ਫਾਂਸੀ ਦਾ ਰੱਸਾ ਪਾ ਦਿੱਤਾ ਹੈ। ਮਨਰੇਗਾ ਦਾ ਨਾਮ ਬਦਲ ਜੀ ਰਾਮ ਜੀ ਕਰਨ ਦੇ ਨਾਲ ਨਾਲ ਇਸ ਸਕੀਮ ਅਧੀਨ ਕੇਂਦਰ ਵੱਲੋਂ ਭੇਜੇ ਜਾਂਦੇ ਫੰਡ ਨੂੰ ਲਗਭਗ ਅੱਧਾ ਕਰਕੇ ਮਜ਼ਦੂਰ ਵਰਗ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਆਲੂ ਦੀ ਫ਼ਸਲ ਬੀਜਣ ਵਾਲੇ ਕਿਸਾਨ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਨੇ ਪਰ ਸਮੇਂ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਹਨ | ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਆਪਣੀ ਜ਼ਮੀਨ ਦੀ ਰਾਖੀ ਕਰਨ ਦਾ ਇਕੋ ਇਕ ਰਾਹ ਸੰਘਰਸ਼ ਦੇ ਦਾਇਰੇ ਨੂੰ ਵਿਸ਼ਾਲ ਕਰਨਾ ਹੋਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ, ਬਲਾਕ ਨਿਹਾਲ ਸਿੰਘ ਵਾਲਾ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਅੰਗਰੇਜ ਸਿੰਘ ਮੱਦੋਕੇ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਪੰਜਾਬ ਦੇ ਹਰਦੇਵ ਸਿੰਘ ਸਬ ਡਵੀਜਨ ਪ੍ਰਧਾਨ, ਰਾਜ ਕੁਮਾਰ, ਟੀਐੱਸਯੂ ਦੇ ਸੂਬਾ ਮੀਤ ਪ੍ਰਧਾਨ ਸੇਵਕ ਸਿੰਘ ਬੱਧਨੀ, ਬਲਜੀਤ ਸਿੰਘ, ਉਗਰਾਹਾਂ ਜਥੇਬੰਦੀ ਦੇ ਜਗਜੀਤ ਸਿੰਘ ਕੋਕਰੀ, ਕੇਵਲ ਕ੍ਰਿਸ਼ਨ, ਬੂਟਾ ਸਿੰਘ ਭਾਗੀਕੇ, ਮਾਸਟਰ ਸਵਰਨ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ, ਜਸਮੇਲ ਸਿੰਘ, ਮੋਹਣ ਸਿੰਘ ਡਾਲਾ, ਅਵਤਾਰ ਸਿੰਘ, ਸ਼ਿੰਦਰ ਸਿੰਘ ਨੇ ਸੰਬੋਧਨ ਕੀਤਾ।