- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸੰਤ ਪੰਚਮੀ ਦਾ ਤਿਉਹਾਰ

ਕੁਝ ਸਮੇਂ ਲਈ ਛੱਤਾਂ ਹੋਈਆਂ ਸੁੰਨੀਆਂ, ਦੁਪਹਿਰ ਬਾਅਦ ਲੱਗੀਆਂ ਰੌਣਕਾਂ
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਬਸੰਤ ਪੰਚਮੀ ਦਾ ਤਿਉਹਾਰ ਇਸ ਵਾਰ ਵੀ ਮੋਗਾ ਸਮੇਤ ਪੂਰੇ ਇਲਾਕੇ ਵਿਚ ਬੜੀ ਧੂਮਧਾਮ, ਉਤਸ਼ਾਹ ਅਤੇ ਰੰਗਾਂ ਦੀ ਭਰਮਾਰ ਨਾਲ ਮਨਾਇਆ ਗਿਆ। ਸਵੇਰੇ ਵੇਲੇ ਮੌਸਮ ਦੀ ਮਾਰ ਕਾਰਨ ਭਾਵੇਂ ਕੁਝ ਸਮੇਂ ਲਈ ਪਤੰਗਬਾਜ਼ਾਂ ਦੇ ਹੌਸਲੇ ਡੋਲ ਗਏ ਪਰ ਦੁਪਹਿਰ ਦੀ ਧੁੱਪ ਨਿਕਲਦੇ ਹੀ ਸਾਰਾ ਮਾਹੌਲ ਬਦਲ ਗਿਆ ਅਤੇ ਛੱਤਾਂ ’ਤੇ ਮੁੜ ਰੌਣਕ ਆਈ। ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਵੱਡੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕ ਪਤੰਗਬਾਜ਼ੀ ਵਿਚ ਮਸਤ ਨਜ਼ਰ ਆਏ। ਬਸੰਤ ਪੰਚਮੀ ਦੇ ਤਿਉਹਾਰ ਮੌਕੇ ਸਵੇਰੇ ਅਸਮਾਨ ਵਿਚ ਛਾਏ ਬੱਦਲਾਂ ਅਤੇ ਠੰਢੀ ਹਵਾ ਨੇ ਪਤੰਗ ਉਡਾਉਣ ਵਾਲੇ ਸ਼ੌਕੀਨਾਂ ਨੂੰ ਕੁੱਝ ਸਮੇਂ ਲਈ ਨਿਰਾਸ਼ ਕਰ ਦਿੱਤਾ। ਜਿੱਥੇ ਲੋਕ ਸਵੇਰ ਤੋਂ ਹੀ ਛੱਤਾਂ ’ਤੇ ਚੜ੍ਹ ਕੇ ਪਤੰਗ ਉਡਾਉਣ ਦੀ ਤਿਆਰੀ ਵਿਚ ਸਨ, ਉੱਥੇ ਹੀ ਮੌਸਮ ਦੀ ਮਾਰ ਕਾਰਨ ਕਈਆਂ ਨੂੰ ਉਡੀਕ ਕਰਨੀ ਪਈ। ਕੁਝ ਸਮੇਂ ਲਈ ਛੱਤਾਂ ਸੁੰਨੀਆਂ ਨਜ਼ਰ ਆਈਆਂ ਅਤੇ ਗਲੀਆਂ ਤੇ ਮੁਹੱਲਿਆਂ ਵਿਚ ਵੀ ਚੁੱਪ ਨਹੀਂ ਸੀ ਰਹੀ। ਬਾਜ਼ਾਰਾਂ ਵਿਚ ਵੀ ਰੌਣਕ ਘੱਟ ਰਹੀ ਅਤੇ ਪਤੰਗਾਂ ਅਤੇ ਡੋਰ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਆਵਾਜਾਈ ਨਾਂਹ ਦੇ ਬਰਾਬਰ ਦਿਖਾਈ ਦਿੱਤੀ। ਜਿਵੇਂ ਹੀ ਦੁਪਹਿਰ ਵੇਲੇ ਧੁੱਪ ਖਿੜੀ ਅਤੇ ਮੌਸਮ ਸਾਫ਼ ਹੋਇਆ, ਤਿਵੇਂ ਹੀ ਪਤੰਗਬਾਜ਼ਾਂ ਦੇ ਹੌਂਸਲੇ ਮੁੜ ਬੁਲੰਦ ਹੋ ਗਏ। ਲੋਕ ਫਿਰ ਤੋਂ ਆਪਣੀਆਂ ਛੱਤਾਂ ‘ਤੇ ਚੜ੍ਹ ਗਏ ਅਤੇ ਅਸਮਾਨ ਵਿਚ ਰੰਗਬਿਰੰਗੀਆਂ ਪਤੰਗਾਂ ਦੀ ਭਰਮਾਰ ਹੋ ਗਈ। ਹਰ ਪਾਸੇ ਪੀਲੇ, ਲਾਲ, ਨੀਲੇ, ਹਰੇ ਅਤੇ ਗੁਲਾਬੀ ਰੰਗ ਦੀਆਂ ਪਤੰਗਾਂ ਲਹਿਰਾਉਂਦੀਆਂ ਨਜ਼ਰ ਆਈਆਂ, ਜਿਨ੍ਹਾਂ ਨੇ ਆਸਮਾਨ ਨੂੰ ਖੂਬਸੂਰਤ ਸਜ਼ਾ ਦਿੱਤਾ। ਬੱਚੇ, ਨੌਜਵਾਨ ਅਤੇ ਵੱਡੇ ਸਾਰੇ ਹੀ ਪਤੰਗਬਾਜ਼ੀ ਵਿਚ ਮਸਤ ਨਜ਼ਰ ਆਏ ਅਤੇ ਇਕਦੂਜੇ ਨਾਲ ਪਤੰਗ ਕੱਟਣ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਘਰਾਂ ਦੀਆਂ ਛੱਤਾਂ ਤੋਂ ਬੋ ਕਾਟਾ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਜਿਸ ਨਾਲ ਸਾਰਾ ਮਾਹੌਲ ਮੇਲੇ ਵਰਗਾ ਬਣ ਗਿਆ। ਜ਼ਿਕਰਯੋਗ ਹੈ ਕਿ ਬਸੰਤ ਪੰਚਮੀ ਮੌਕੇ ਸ਼ਹਿਰ ਹੀ ਨਹੀਂ ਸਗੋਂ ਦੇਸ਼ ਭਰ ਵਿਚ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਬੱਚੇ ਅਤੇ ਨੌਜਵਾਨ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ’ਤੇ ਪਤੰਗ ਉਡਾਉਂਦੇ ਨਜ਼ਰ ਆਏ। ਵੱਖ-ਵੱਖ ਰੰਗਾਂ ਦੀਆਂ ਪਤੰਗਾਂ ਆਸਮਾਨ ਵਿਚ ਲਹਿਰਾਉਂਦੀਆਂ ਹੋਈਆਂ ਖੂਬਸੂਰਤ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਇਸ ਮੌਕੇ ਜ਼ਿਆਦਾਤਰ ਲੋਕ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਦਿਖਾਈ ਦਿੱਤੇ ਜੋ ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨੇ ਜਾਂਦੇ ਹਨ। ਕਈ ਥਾਵਾਂ ’ਤੇ ਲੋਕਾਂ ਨੇ ਸਰੋਂ ਦੇ ਫੁੱਲਾਂ ਨਾਲ ਆਪਣੇ ਘਰ ਸਜਾਏ ਅਤੇ ਬਸੰਤ ਰੁੱਤ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਕਈ ਪਰਿਵਾਰਾਂ ਨੇ ਇਕੱਠੇ ਬੈਠ ਕੇ ਭੋਜਨ ਕੀਤਾ ਅਤੇ ਇਕ-ਦੂਜੇ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ। ਬੱਚਿਆਂ ਦੀ ਖੁਸ਼ੀ ਤਾਂ ਦੇਖਣ ਯੋਗ ਸ, ਜੋ ਸਵੇਰੇ ਤੋਂ ਹੀ ਪਤੰਗਾਂ, ਡੋਰ ਅਤੇ ਫ਼ਿਰਕੀਆਂ ਨਾਲ ਖੇਡਦੇ ਨਜ਼ਰ ਆਏ। ਸਵੇਰੇ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਦੁਪਹਿਰ ਤੋਂ ਬਾਅਦ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਜੋਸ਼ ਅਤੇ ਧੂਮਧਾਮ ਨਾਲ ਮਨਾਇਆ ਗਿਆ। ਬਸੰਤ ਰੁੱਤ ਨੂੰ “ਰੁੱਤਾਂ ਦੀ ਰਾਣੀ” ਕਿਹਾ ਜਾਂਦਾ ਹੈ ਅਤੇ ਇਹ ਮੌਸਮ ਖੁਸ਼ੀਆਂ ਅਤੇ ਉਤਸ਼ਾਹ ਦਾ ਪ੍ਰਤੀਕ ਹੈ। ਇਸ ਮੌਕੇ ਲੋਕਾਂ ਨੇ ਸਾਰੇ ਰੁਝੇਵੇਂ ਛੱਡ ਕੇ ਤਿਉਹਾਰ ਮਨਾਇਆ, ਗੀਤ ਗਾਏ, ਭੰਗੜੇ ਪਾਏ ਅਤੇ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਕਈ ਥਾਵਾਂ ‘ਤੇ ਲੋਕ ਸੰਗੀਤ ਅਤੇ ਨਾਚ ਨਾਲ ਵੀ ਬਸੰਤ ਦਾ ਸਵਾਗਤ ਕਰਦੇ ਨਜ਼ਰ ਆਏ। ਮੌਸਮ ਦੀ ਥੋੜ੍ਹੀ ਮਾਰ ਦੇ ਬਾਵਜੂਦ ਵੀ ਲੋਕਾਂ ਦੀਆਂ ਖੁਸ਼ੀਆਂ ਵਿਚ ਕੋਈ ਘਾਟ ਨਾ ਆਈ ਅਤੇ “ਆਈ ਬਸੰਤ, ਪਾਲਾ ਉਡੰਤ” ਵਾਲੀ ਕਹਾਵਤ ਇਕ ਵਾਰ ਫਿਰ ਸੱਚ ਸਾਬਤ ਹੋਈ। ਬਸੰਤ ਪੰਚਮੀ ਨੇ ਲੋਕਾਂ ਦੇ ਜੀਵਨ ਵਿਚ ਨਵਾਂ ਉਤਸ਼ਾਹ, ਨਵੀਂ ਆਸ ਅਤੇ ਸਕਾਰਾਤਮਕਤਾ ਭਰ ਦਿੱਤੀ। ਇਹ ਤਿਉਹਾਰ ਸਿਰਫ਼ ਪਤੰਗਬਾਜ਼ੀ ਤੱਕ ਹੀ ਸੀਮਿਤ ਨਹੀਂ ਰਿਹਾ ਸਗੋਂ ਇਸ ਨੇ ਆਪਸੀ ਪਿਆਰ, ਭਾਈਚਾਰੇ ਅਤੇ ਖੁਸ਼ੀਆਂ ਦੀ ਸਾਂਝ ਦਾ ਸੁਨੇਹਾ ਵੀ ਦਿੱਤਾ।