ਗੁਰਮੀਤ ਸਿੰਘ ਫੌਜੀ ਸੁਸਾਇਟੀ ਦੇ ਪ੍ਰਧਾਨ ਨਿਯੁਕਤ
ਪਿੰਡ ਸਿੰਘਾਂਵਾਲਾ ਵਿਖੇ
Publish Date: Fri, 13 Feb 2026 03:41 PM (IST)
Updated Date: Sat, 14 Feb 2026 04:00 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪਿੰਡ ਸਿੰਘਾਂਵਾਲਾ ਵਿਖੇ ਐੱਨਆਰਆਈ ਭਾਈਚਾਰੇ ਅਤੇ ਇਲਾਕੇ ਦੇ ਕਈ ਪਿੰਡਾਂ ਦੇ ਸਹਿਯੋਗ ਨਾਲ ਚੱਲ ਰਹੀ ਮ੍ਰਿਤਕ ਦੇਹ ਸੰਭਾਲ ਨਿਸ਼ਕਾਮ ਸੁਸਾਇਟੀ ਦੀ ਅਹਿਮ ਮੀਟਿੰਗ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਪ੍ਰਧਾਨ ਜੋਗਿੰਦਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਬੁੱਕਣਵਾਲਾ ਨੇ ਉਮਰਦਰਾਜ਼ ਹੋਣ ਕਾਰਨ ਸਵੈਇੱਛਾ ਨਾਲ ਅਹੁੱਦੇ ਤੋਂ ਸੇਵਾ ਮੁਕਤ ਹੋਣ ਦਾ ਫ਼ੈਸਲਾ ਕੀਤਾ। ਮੀਟਿੰਗ ਦੌਰਾਨ ਕਮੇਟੀ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸੇਵਾ ਮੁਕਤ ਹੋਏ ਪ੍ਰਧਾਨ ਜੋਗਿੰਦਰਪਾਲ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਲੰਬੀ ਅਤੇ ਨਿਸਵਾਰਥ ਸੇਵਾ ਦੀ ਸਭ ਨੇ ਸਰਾਹਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਕਮੇਟੀ ਲਈ ਹਮੇਸ਼ਾ ਪ੍ਰੇਰਣਾਸਰੂਪ ਰਹੇਗੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਗਿੰਦਰਪਾਲ ਸਿੰਘ ਦੇ ਸੇਵਾ ਮੁਕਤ ਹੋਣ ਉਪਰੰਤ ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਗੁਰਮੀਤ ਸਿੰਘ ਫੌਜੀ ਡਰੋਲੀ ਭਾਈ ਨੂੰ ਪ੍ਰਧਾਨ ਅਤੇ ਜਰਨੈਲ ਸਿੰਘ ਸਿੰਘਾਂਵਾਲਾ ਨੂੰ ਮੀਤ ਪ੍ਰਧਾਨ ਨਿਯੁੱਕਤ ਕੀਤਾ। ਨਵੇਂ ਚੁਣੇ ਗਏ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਸੁਸਾਇਟੀ ਦੀ ਨਿਸਵਾਰਥ ਸੇਵਾ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਮ੍ਰਿਤਕ ਦੇਹ ਸੰਭਾਲ ਨਿਸ਼ਕਾਮ ਸੁਸਾਇਟੀ ਪਿਛਲੇ 25 ਸਾਲਾਂ ਤੋਂ ਬਿਨ੍ਹਾਂ ਕਿਸੇ ਲਾਲਚ ਦੇ ਮ੍ਰਿਤਕ ਦੇਹਾਂ ਦੀ ਸੰਭਾਲ ਅਤੇ ਅੰਤਿਮ ਸੰਸਕਾਰ ਵਿਚ ਸਹਾਇਤਾ ਕਰਨ ਦਾ ਪੁਣਯਾਤਮਿਕ ਕੰਮ ਕਰ ਰਹੀ ਹੈ। ਇਹ ਸੰਸਥਾ ਇਲਾਕੇ ਵਿਚ ਮਨੁੱਖਤਾ ਦੀ ਸੇਵਾ ਦਾ ਵੱਡਾ ਕੇਂਦਰ ਬਣ ਚੁੱਕੀ ਹੈ। ਮੀਟਿੰਗ ਦੌਰਾਨ ਕਮੇਟੀ ਨੇ ਸਮਾਜ ਸੇਵੀ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ ਤਿੰਨ ਪਿੰਡਾਂ ਮੋਠਾਂਵਾਲੀ, ਡਾਲਾ ਅਤੇ ਦੋਧਰ ਨੂੰ ਢਾਈ ਢਾਈ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਇਹ ਰਕਮ ਪਿੰਡਾਂ ਵਿਚ ਭਲਾਈ ਕਾਰਜਾਂ ਅਤੇ ਲੋਕਹਿੱਤ ਪ੍ਰੋਜੈਕਟਾਂ ’ਤੇ ਖਰਚ ਕੀਤੀ ਜਾਵੇਗੀ। ਇਸ ਮੌਕੇ ਗੁਰਮੀਤ ਸਿੰਘ ਪਟਵਾਰੀ, ਸੁਖਜਿੰਦਰ ਸਿੰਘ ਡਰੋਲੀ, ਸ਼ਵਿੰਦਰ ਸਿੰਘ ਡਰੋਲੀ, ਸਾਬਕਾ ਸਰਪੰਚ ਨਰਿੰਦਰ ਸਿੰਘ ਬੁੱਕਣਵਾਲਾ, ਮੁਕੰਦ ਸਿੰਘ ਮੋਠਾਂਵਾਲੀ, ਨਛੱਤਰ ਸਿੰਘ ਸਿੰਘਾਵਾਲਾ, ਗੁਰਬਿੰਦ ਸਿੰਘ ਸਿੰਘਾਵਾਲਾ ਸਮੇਤ ਹੋਰ ਵੀ ਵਿਅਕਤੀ ਹਾਜ਼ਰ ਸਨ।