ਸਿੱਖਿਆ ਮਨੁੱਖ ਦੇ ਸਰਵਪੱਖੀ ਵਿਕਾਸ ਦੀ ਕੁੰਜੀ : ਬਾਂਸਲ
ਲਾਲਾ ਲਾਜਪਤ ਰਾਏ ਸਕੂਲ ਲੰਢੇਕੇ ਦੇ
Publish Date: Wed, 08 Apr 2026 03:25 PM (IST)
Updated Date: Thu, 09 Apr 2026 03:59 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਲਾਲਾ ਲਾਜਪਤ ਰਾਏ ਸਕੂਲ ਲੰਢੇਕੇ ਦੇ ਚੇਅਰਮੈਨ ਪਵਨ ਬਾਂਸਲ ਵੱਲੋਂ ਸਕੂਲ ਦੇ ਮੰਚ ਤੋਂ ਸਿੱਖਿਆ ਦਾ ਮਹੱਤਵ ਵਿਸ਼ੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਿੱਖਿਆ ਕੇਵਲ ਕਿਤਾਬਾਂ ਪੜ੍ਹਨ ਜਾਂ ਡਿਗਰੀਆਂ ਹਾਸਲ ਕਰਨ ਦਾ ਨਾਂਅ ਨਹੀਂ ਹੈ, ਸਗੋਂ ਇਹ ਮਨੁੱਖ ਦੇ ਸਰਵਪੱਖੀ ਵਿਕਾਸ ਦੀ ਕੁੰਜੀ ਹੈ। ਜਿਵੇਂ ਕਿ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਨੇ ਹਮੇਸ਼ਾ ਦੇਸ਼ ਭਗਤੀ ਅਤੇ ਗਿਆਨ ਦੇ ਸੁਮੇਲ ’ਤੇ ਜ਼ੋਰ ਦਿੱਤਾ, ਸਾਡਾ ਸਕੂਲ ਵੀ ਉਸੇ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਸਾਨੂੰ ਅਗਿਆਨਤਾ ਦੇ ਹਨ੍ਹੇਰੇ ’ਚੋਂ ਕੱਢ ਕੇ ਚਾਨਣ ਵੱਲ ਲੈ ਕੇ ਜਾਂਦੀ ਹੈ। ਇਹ ਸਾਨੂੰ ਸਹੀ ਅਤੇ ਗਲਤ ਵਿਚ ਫਰਕ ਕਰਨਾ ਸਿਖਾਉਂਣ ਵਿਚ ਮੱਦਦ ਕਰਦੀ ਹੈ ਅਤੇ ਸਾਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਯੁੱਗ ਵਿਚ ਸਿੱਖਿਆ ਹੀ ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਅਸੀਂ ਹਰ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਹਾਂ। ਅੰਤ ਵਿਚ ਉਨ੍ਹਾਂ ਕਿਹਾ ਕਿ ਵਿੱਦਿਆ ਉਹ ਅਨਮੋਲ ਧਨ ਹੈ, ਜਿਸ ਨੂੰ ਕੋਈ ਚੋਰੀ ਨਹੀਂ ਕਰ ਸਕਦਾ। ਸੋ ਆਓ ਅਸੀਂ ਸਾਰੇ ਮਿਲ ਕੇ ਆਪਣੇ ਸਕੂਲ ਦੇ ਮਾਣ ਨੂੰ ਵਧਾਈਏ ਅਤੇ ਸਿੱਖਿਆ ਦੇ ਰਾਹੀਂ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਈਏ। ਇਸ ਮੌਕੇ ਉਨ੍ਹਾਂ ਹਾਜ਼ਰ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।