ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖ਼ਮੀ
ਧਰਮਕੋਟ-ਜਲੰਧਰ ਰੋਡ 'ਤੇ ਸ਼ਗਨ ਪੈਲੇਸ
Publish Date: Fri, 02 Jan 2026 05:06 PM (IST)
Updated Date: Sat, 03 Jan 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧਰਮਕੋਟ-ਜਲੰਧਰ ਰੋਡ ਤੇ ਸ਼ਗਨ ਪੈਲੇਸ ਦੇ ਸਾਹਮਣੇ ਕੈਂਟਰ ਅਤੇ ਮੋਟਰਸਾਈਕਲ ਨਾਲ ਸੜਕ ਹਾਦਸੇ ਦੌਰਾਨ ਟਕਰਾ ਹੋ ਗਿਆ। ਇਸ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਪਛਾਣ ਜਸਕਰਨ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆਂ ਵਜੋਂ ਹੋਈ ਹੈ। ਜਸਕਰਨ ਸਿੰਘ ਦੇ ਦੋ ਘਰ ਦੱਸੇ ਜਾ ਰਹੇ ਹਨ, ਇਕ ਧਰਮਕੋਟ ਸ਼ਹਿਰ ਵਿਚ ਅਤੇ ਦੂਜਾ ਪਿੰਡ ਪੰਡੋਰੀ ਅਰਾਈਆਂ ਵਿਚ। ਉਹ ਧਰਮਕੋਟ ਤੋਂ ਪਿੰਡ ਪੰਡੋਰੀ ਅਰਾਈਆਂ ਨੂੰ ਹਾਰਲੇ ਮੋਟਰਸਾਈਕਲ ਨੰਬਰ ਪੀਬੀ15 ਬੀਜੀ 9494 ਤੇ ਜਾ ਰਿਹਾ ਸੀ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਸ਼ਗਨ ਪੈਲੇਸ ਦੇ ਸਾਹਮਣੇ ਇਕ ਗੈਰ-ਕਾਨੂੰਨੀ ਮੋੜ ਤੋਂ ਅਚਾਨਕ ਇਕ ਕੈਂਟਰ ਸੜਕ ਤੇ ਆਇਆ ਅਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਸਕਰਨ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਉਸਦੇ ਰਿਸ਼ਤੇਦਾਰ ਦੇ ਚਿਹਰੇ ਤੇ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਰਾਹਗੀਰਾਂ ਨੇ ਮਨੁੱਖਤਾ ਦਿਖਾਈ ਅਤੇ ਦੋਵਾਂ ਜ਼ਖਮੀਆਂ ਨੂੰ ਆਪਣੀ ਨਿੱਜੀ ਗੱਡੀ ਵਿਚ ਮੈਡੀਸਿਟੀ ਹਸਪਤਾਲ ਮੋਗਾ ਪਹੁੰਚਾਇਆ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਧਰਮਕੋਟ ਮੌਕੇ ਤੇ ਪਹੁੰਚਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੈਂਟਰ ਚਾਲਕ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਭੱਜ ਗਿਆ ਸੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।