ਤਨਖ਼ਾਹਾਂ ’ਤੇ ਰੋਕ ਲਗਾਉਣ ਦੀ ਡੀਟੀਐਫ ਮੋਗਾ ਵੱਲੋਂ ਨਿਖੇਧੀ
ਖਜਾਨਾ ਭਰੇ ਹੋਣ ਦਾ ਢਡੋਰਾ ਪਿੱਟਣ
Publish Date: Thu, 08 Jan 2026 03:32 PM (IST)
Updated Date: Fri, 09 Jan 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਖਜਾਨਾ ਭਰੇ ਹੋਣ ਦਾ ਢਡੋਰਾ ਪਿੱਟਣ ਵਾਲੀ ਪੰਜਾਬ ਦੀ ਆਪ ਸਰਕਾਰ ਇਸ ਵਾਰ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਤੋਂ ਹੱਥ ਖੜੇ ਕਰ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਸ ਫ਼ਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ ਨੇ ਕੀਤਾ। ਜਿਲ੍ਹਾ ਮੀਤ ਪ੍ਰਧਾਨ ਸਵਰਨਦਾਸ, ਪ੍ਰੈਸ ਸਕੱਤਰ ਗੁਰਮੀਤ ਸਿੰਘ ਝੋਰੜਾ, ਸੰਯੁਕਤ ਸਕੱਤਰ ਅਮਨਦੀਪ ਮਾਛੀਕੇ, ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪੂਰੀ ਤਰ੍ਹਾਂ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਚੱਲ ਰਹੀ ਹੈ, ਜਿਸ ਦੇ ਚਲਦੇ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਭੁਗਤਾਨ ਤੇ ਕਈ-ਕਈ ਦਿਨ ਜ਼ੁਬਾਨੀ ਰੋਕ ਲਗਾ ਦਿੱਤੀ ਜਾਂਦੀ ਹੈ। ਤਨਖ਼ਾਹਾਂ ਵਿਚ ਦੇਰ ਹੋਣ ਨਾਲ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਵਿੱਤੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਮੁਲਾਜ਼ਮਾਂ ਵੱਲੋਂ ਆਪਣੀ ਤਨਖਾਹ ਨਾਲ ਬੈਂਕਾਂ ਤੋਂ ਲਏ ਲੋਨ ਦੀਆਂ ਕਿਸ਼ਤਾ ਭਰਨੀਆਂ ਹੁੰਦੀਆਂ ਹਨ ਅਤੇ ਆਪਣੇ ਬੱਚਿਆਂ ਦੀਆਂ ਸਕੂਲ ਫੀਸਾਂ ਦੀ ਅਦਾਇਗੀ ਵੀ ਕਰਨੀ ਹੁੰਦੀ, ਤਨਖ਼ਾਹ ਵਿਚ ਦੇਰ ਹੋਣ ਨਾਲ ਮੁਲਾਜ਼ਮਾਂ ਨੂੰ ਆਪਣੀਆਂ ਕਿਸ਼ਤਾ ਟੁੱਟਣ ਅਤੇ ਬੈਂਕ ਡਿਫਾਲਟਰ ਹੋਣ ਦਾ ਡਰ ਬਣਿਆ ਰਹਿੰਦਾ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਮਹੀਨੇ ਤਨਖ਼ਾਹਾਂ ਤੇ ਜ਼ੁਬਾਨੀ ਰੋਕ ਲਗਾਉਣ ਦੀ ਆਪਣੀ ਨੀਤੀ ਵਿਚ ਬਦਲਾਅ ਕਰੇ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਰੈਗੂਲਰ ਤੌਰ ਭੁਗਤਾਨ ਯਕੀਨੀ ਬਣਾਏ। ਅਜਿਹਾ ਨਾ ਕਰਨ ਉਤੇ ਜਥੇਬੰਦੀ ਭਵਿੱਖ ਵਿਚ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਸਮੇਂ ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਸਵਰਨਜੀਤ ਭਗਤਾਂ, ਨਰਿੰਦਰ ਸਿੰਘ, ਦੀਪਕ ਮਿੱਤਲ, ਮਧੂ ਬਾਲਾ, ਮਮਤਾ ਕੌਸ਼ਲ ਆਦਿ ਜਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ।