ਬੇਰੁਜ਼ਗਾਰ ਲਾਈਨਮੈਨਾਂ ’ਤੇ ਲਾਠੀਚਾਰਜ ਦੀ ਨਿਖੇਧੀ
ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ
Publish Date: Sun, 07 Jun 2026 04:37 PM (IST)
Updated Date: Mon, 08 Jun 2026 04:05 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ’ਤੇ ਪੁਲਿਸ ਪ੍ਰਸਾਸ਼ਨ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਡਿਗਵਿਜੈਪਾਲ ਸ਼ਰਮਾ, ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੰਘਰਸ਼ ਨੂੰ ਕੁਚਲਣ ਦੀ ਨੀਤੀ ਨੂੰ ਛੱਡਕੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਪੱਕਾ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਤੋਂ ਅੰਨ੍ਹਾ ਤਸ਼ੱਦਦ ਕਰਾਉਣ ਦੀ ਥਾਂ ਬੇਰੁਜ਼ਗਾਰਾਂ ਦੀਆਂ ਮੰਗਾਂ ਲਈ ਮੀਟਿੰਗ ਦੇ ਕੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਜੱਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਜਸਦੀਪ ਸਿੰਘ, ਪ੍ਰੈੱਸ ਸਕੱਤਰ ਗੁਰਮੀਤ ਸਿੰਘ ਝੋਰੜਾਂ, ਜ਼ਿਲ੍ਹਾ ਸੰਯੁਕਤ ਸਕੱਤਰ ਅਮਨਦੀਪ ਮਾਛੀਕੇ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਸਖਤ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇ ਅਜਿਹੇ ਰਵੱਈਏ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਸਰਕਾਰ ਨੇ ਲੋਕਤੰਤਰ ਦੀ ਥਾਂ ਤਾਨਾਸ਼ਾਹੀ ਨੀਤੀ ਵਰਤ ਕੇ ਬਦਲਾਅ ਲਿਆਂਦਾ ਹੈ। ਸਰਕਾਰ ਆਪਣੇ ਵਿਰੁੱਧ ਧਰਨਾ ਦੇਣ ਦੇ ਜਮਹੂਰੀ ਅਧਿਕਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ।ਉਹਨਾਂ ਕਿਹਾ ਕਿ ਲਾਈਨਮੈਨਾਂ ਤੇ ਹੋਇਆ ਅੰਨ੍ਹਾ ਤਸ਼ੱਦਦ ਜਮਹੂਰੀ ਕਦਰਾਂ-ਕੀਮਤਾਂ ਦਾ ਸ਼ਰੇਆਮ ਕਤਲ ਹੈ, ਜਿਸ ਦੀ ਕਮਾਂਡ ਸੰਭਾਲਣ ਵਾਲੇ ਡੀਐੱਸਪੀ ਦਾ ਰਵੱਈਆ ਇਤਿਹਾਸ ਦੇ ਸਭ ਤੋਂ ਬੇਰਹਿਮ ਜੱਲਾਦ ਜਨਰਲ ਡਾਇਰ ਦੀ ਮਾਨਸਿਕਤਾ ਨਾਲ ਹੂਬਹੂ ਮੇਲ ਖਾਂਦਾ ਹੈ। ਜਿਸ ਤਰ੍ਹਾਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿਖੇ ਜਨਰਲ ਡਾਇਰ ਨੇ ਨਿਹੱਥੇ ਅਤੇ ਸ਼ਾਂਤਮਈ ਲੋਕਾਂ ਨੂੰ ਚਾਰੇ ਪਾਸਿਓਂ ਘੇਰ ਕੇ ਬਿਨ੍ਹਾਂ ਕਿਸੇ ਚੇਤਾਵਨੀ ਦੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ, ਠੀਕ ਉਸੇ ਤਰ੍ਹਾਂ ਪਟਿਆਲਾ ਵਿਖੇ ਵੀ ਇਸ ਡੀਐੱਸਪੀ ਨੇ ਹੱਥਾਂ ਵਿਚ ਡਿਗਰੀਆਂ ਅਤੇ ਮੰਗ ਪੱਤਰ ਫੜ੍ਹੀ ਬੈਠੇ ਨੌਜਵਾਨਾਂ ਨੂੰ ਬੈਰੀਕੇਡਾਂ ਤੇ ਭਾਰੀ ਪੁਲਿਸ ਫੋਰਸ ਨਾਲ ਘੇਰ ਕੇ ਬਿਨ੍ਹਾਂ ਕਿਸੇ ਠੋਸ ਸੰਵਾਦ ਜਾਂ ਚੇਤਾਵਨੀ ਦੇ ਬੇਰਹਿਮੀ ਨਾਲ ਲਾਠੀਆਂ ਵਰਾਉਣ ਦੀ ਕਮਾਂਡ ਦਿੱਤੀ। ਇਹ ਕਾਰਵਾਈ ਕਿਸੇ ਅਮਨ-ਕਾਨੂੰਨ ਦੀ ਬਹਾਲੀ ਲਈ ਨਹੀਂ, ਸਗੋਂ ਵਰਦੀ ਅਤੇ ਸਰਕਾਰੀ ਸੱਤਾ ਦੇ ਉਸੇ ਹੰਕਾਰ ਦਾ ਪ੍ਰਦਰਸ਼ਨ ਸੀ ਜੋ ਡਾਇਰ ਦੇ ਅੰਦਰ ਬ੍ਰਿਟਿਸ਼ ਸਾਮਰਾਜ ਦੀ ਸ਼ਾਨ ਨੂੰ ਲੈ ਕੇ ਮੌਜੂਦ ਸੀ। ਡੀਐੱਸਪੀ ਦੀ ਅਗਵਾਈ ਹੇਠ ਵਰਤਾਇਆ ਗਿਆ ਜ਼ੁਲਮ ਵੀ ਇਸੇ ਸੋਚ ਦੀ ਗਵਾਹੀ ਭਰਦਾ ਹੈ ਕਿ ਮਕਸਦ ਸਿਰਫ਼ ਰਸਤਾ ਸਾਫ਼ ਕਰਵਾਉਣਾ ਨਹੀਂ, ਸਗੋਂ ਹੱਕ ਮੰਗਣ ਵਾਲੇ ਪੰਜਾਬ ਦੇ ਬਾਕੀ ਬੇਰੁਜ਼ਗਾਰ ਨੌਜਵਾਨਾਂ ਦੇ ਹੌਂਸਲੇ ਤੋੜਨਾ ਸੀ। ਪਟਿਆਲਾ ਪ੍ਰਸ਼ਾਸਨ ਦੀ ਇਸ ਨਿਰਦਈ ਕਾਰਵਾਈ ਨੂੰ ਇਤਿਹਾਸ ਹਮੇਸ਼ਾ ਇਕ ਕਾਲੇ ਕਲੰਕ ਵਜੋਂ ਯਾਦ ਰੱਖੇਗਾ। ਇਸ ਮੌਕੇ ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਦੀਪਕ ਮਿੱਤਲ, ਨਰਿੰਦਰ ਸਿੰਘ ਅਤੇ ਨਵਦੀਪ ਸਿੰਘ ਧੂੜਕੋਟ ਆਦਿ ਅਧਿਆਪਕ ਹਾਜ਼ਰ ਸਨ।