- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਸਰਕਾਰ ਦੇ ਆਵਾਸ ਅਤੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਜ਼ ਵੱਲੋਂ ਕਰਵਾਏ ਜਾ ਰਹੇ ਸਵੱਛ ਸਰਵੇਖਣ 2025-26 ਅਧੀਨ ਨਿਯੁਕਤ ਸੁਤੰਤਰ ਮੁਲਾਂਕਣ ਏਜੰਸੀ ਇਪਸੋਸ ਰਿਸਰਚ ਪ੍ਰਾਈਵੇਟ ਲਿਮਿਟਡ ਦੀ ਟੀਮ ਨੇ ਅੱਜ ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦਾ ਅਚਾਨਕ ਨਿਰੀਖਣ ਕੀਤਾ। ਇਹ ਨਿਰੀਖਣ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਭਰ ਵਿਚ ਚੱਲ ਰਹੇ ਸਫਾਈ ਮੁਲਾਂਕਣ ਅਭਿਆਨ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਥਾਵਾਂ ’ਤੇ ਸਫ਼ਾਈ ਮਿਆਰਾਂ ਦਾ ਅੰਕਲਨ ਕਰਨਾ ਅਤੇ ਵਧੀਆ ਪ੍ਰਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ। ਨਿਰੀਖਣ ਟੀਮ ਨੇ ਸਕੂਲ ਦੀਆਂ ਕਲਾਸਾਂ, ਪ੍ਰਯੋਗਸ਼ਾਲਾਵਾਂ, ਦਫਤਰਾਂ, ਸ਼ੌਚਾਲਿਆਂ, ਖੇਡ ਮੈਦਾਨਾਂ, ਗਲਿਆਰਿਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ। ਟੀਮ ਨੇ ਸਕੂਲ ਕੈਂਪਸ ਦੀ ਸਫ਼ਾਈ, ਰੱਖ-ਰਖਾਵ, ਸੁੱਚੇ ਵਾਤਾਵਰਨ ਅਤੇ ਸਿਹਤ ਸੰਬੰਧੀ ਮਿਆਰਾਂ ਦਾ ਮੁਲਾਂਕਣ ਕੀਤਾ। ਗਰਮੀ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਸਕੂਲ ਕੈਂਪਸ ਪੂਰੀ ਤਰ੍ਹਾਂ ਸਾਫ਼-ਸੁਥਰਾ, ਵਿਵਸਥਿਤ ਅਤੇ ਸੁਚੱਜਾ ਮਿਲਿਆ। ਸਵੱਛ ਸਰਵੇਖਣ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੀਮ ਨੇ ਡਾਇਰੈਕਟ ਅਬਜ਼ਰਵੇਸ਼ਨ ਰਾਹੀਂ ਸਕੂਲ ਦੀਆਂ ਵਿਵਸਥਾਵਾਂ ਦਾ ਨਿਰੀਖਣ ਕੀਤਾ ਅਤੇ ਸਫਾਈ ਨਾਲ ਸੰਬੰਧਤ ਪ੍ਰਬੰਧਾਂ ਦਾ ਦਸਤਾਵੇਜ਼ੀਕਰਨ ਵੀ ਕੀਤਾ। ਸਰਵੇਖਣ ਦਾ ਮੁੱਖ ਉਦੇਸ਼ ਦੇਸ਼ ਭਰ ’ਚ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣਾ, ਸੰਸਥਾਵਾਂ ਵਿਚ ਸਫ਼ਾਈ ਮਿਆਰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਤੇ ਸੰਸਥਾਵਾਂ ਨੂੰ ਸਵੱਛ ਭਾਰਤ ਅਭਿਆਨ ਨਾਲ ਜੋੜਨਾ ਹੈ। ਨਿਰੀਖਣ ਦੌਰਾਨ ਟੀਮ ਨੇ ਸਕੂਲ ’ਚ ਸਫ਼ਾਈ ਲਈ ਅਪਣਾਏ ਗਏ ਪ੍ਰਭਾਵਸ਼ਾਲੀ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਨੇ ਸੁੱਚਾ ਅਤੇ ਸਿਹਤਮੰਦ ਵਾਤਾਵਰਨ ਬਣਾਈ ਰੱਖਣ ’ਚ ਸ਼ਲਾਘਾਯੋਗ ਕੰਮ ਕੀਤਾ ਹੈ। ਖਾਸ ਕਰਕੇ ਛੁੱਟੀਆਂ ਦੇ ਦਿਨਾਂ ਵਿਚ ਵੀ ਕੈਂਪਸ ਦੀ ਸ਼ਾਨਦਾਰ ਸਫ਼ਾਈ ਨੂੰ ਟੀਮ ਨੇ ਕਾਬਿਲ-ਏ-ਤਾਰੀਫ਼ ਦੱਸਿਆ। ਨਿਰੀਖਣ ਤੋਂ ਬਾਅਦ ਟੀਮ ਮੈਂਬਰਾਂ ਨੇ ਸਕੂਲ ਦੀ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ, ਅਧਿਆਪਕਾਂ ਅਤੇ ਸਹਾਇਕ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਨੇ ਸਵੱਛ ਭਾਰਤ ਮਿਸ਼ਨ ਦੀ ਭਾਵਨਾ ਨੂੰ ਵਿਹਾਰਿਕ ਰੂਪ ਵਿਚ ਅਪਣਾ ਕੇ ਇਕ ਵਧੀਆ ਉਦਾਹਰਨ ਪੇਸ਼ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸਕੂਲ ਭਵਿੱਖ ਵਿਚ ਵੀ ਸਫ਼ਾਈ, ਸਿਹਤ ਅਤੇ ਵਾਤਾਵਰਨ ਸੰਰੱਖਣ ਦੇ ਖੇਤਰ ’ਚ ਇਸੇ ਤਰ੍ਹਾਂ ਅਗੇਤੀ ਭੂਮਿਕਾ ਨਿਭਾਉਂਦਾ ਰਹੇਗਾ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਅਤੇ ਡਾਇਰੈਕਟਰ ਸੁਨੀਤਾ ਗਰਗ ਨੇ ਇਸ ਉੱਪਲਬਧੀ ਦਾ ਸਿਹਰਾ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੰਦਿਆਂ ਕਿਹਾ ਕਿ ਸਫ਼ਾਈ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਇਕ ਲਗਾਤਾਰ ਸਮਾਜਿਕ ਜ਼ਿੰਮੇਵਾਰੀ ਹੈ, ਜਿਸ ਨੂੰ ਸਕੂਲ ਹਮੇਸ਼ਾ ਪਹਿਲ ਦਿੰਦਾ ਰਹੇਗਾ।