ਜ਼ਿਲ੍ਹਾ ਮੈਜਿਸਟ੍ਰੇਟ ਨੇ ਪ੍ਰੇਗਾਬਲਿਨ ਕੈਪਸੂਲ ਦੀ ਸੇਲ ’ਤੇ ਲਾਈ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ
Publish Date: Thu, 12 Feb 2026 04:05 PM (IST)
Updated Date: Fri, 13 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ ਬੀਐੱਨਐੱਸਐੱਸ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿਚ ਪਰੇਗਾਬਲਿਨ 300 ਐੱਮਜੀ ਸਿਗਨੇਚਰ ਦੇ ਕੈਪਸੂਲ ਦੀ ਸੇਲ ’ਤੇ ਅੰਸ਼ਿਕ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਆਦੇਸ਼ 6 ਅਪ੍ਰੈਲ 2026 ਤੱਕ ਲਾਗੂ ਰਹਿਣਗੇ। ਸਾਗਰ ਸੇਤੀਆ ਨੇ ਦੱਸਿਆ ਕਿ ਪਰੇਗਾਬਲਿਨ ਦਾ ਕੈਪਸੂਲ ਜਾਂ ਗੋਲੀ ਜੇ ਕੋਈ ਡਾਕਟਰ ਕਿਸੇ ਮਰੀਜ਼ ਨੂੰ ਲਿਖਦਾ ਹੈ ਤਾਂ ਸਬੰਧਿਤ ਮੈਡੀਕਲ ਸਟੋਰ ਵੱਲੋਂ ਉਹ ਦਵਾਈ ਸਿਰਫ਼ ਉਨੇ ਹੀ ਦਿਨਾਂ ਲਈ ਦਿੱਤੀ ਜਾਵੇਗੀ ਜਿੰਨੀ ਡਾਕਟਰ ਦੁਆਰਾ ਪਰਚੀ ’ਤੇ ਲਿਖੀ ਗਈ ਹੈ ਅਤੇ ਉਸਦੀ ਪਰਚੀ ਉੱਪਰ ਇਸ ਸਬੰਧੀ ਸਟੈਂਪ ਵੀ ਲਗਾਈ ਜਾਵੇ ਅਤੇ ਉਹ ਪਰਚੀ ਸਿਰਫ਼ 7 ਦਿਨ ਲਈ ਹੀ ਵੈਧ ਹੋਵੇਗੀ। ਜੇਕਰ ਕੋਈ ਕੈਮਿਸਟ ਇਸ ਕੈਪਸੂਲ ਜਾਂ ਗੋਲੀ ਦੀ 75 ਐੱਮਜੀ ਤੋਂ ਵੱਧ ਦੀ ਮਾਤਰਾ ਦੀ ਦਵਾਈ ਆਪਣੇ ਪਾਸ ਰੱਖਣੀ ਚਾਹੁੰਦਾ ਹੈ ਉਹ ਇਸ ਸਬੰਧੀ ਡਰੱਗ ਵਿਭਾਗ ਨੂੰ ਸੂਚਿਤ ਕਰੇਗਾ ਅਤੇ ਹਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਇਸਦਾ ਰਿਕਾਰਡ ਡਰੱਗ ਵਿਭਾਗ ਨੂੰ ਮੁਹੱਈਆ ਕਰਵਾਏਗਾ। ਉਨ੍ਹਾਂ ਡਾਕਟਰਾਂ ਨੂੰ ਵੀ ਸੁਝਾਅ ਦਿੱਤਾ ਜਿੱਥੇ ਬਹੁਤ ਜ਼ਰੂਰੀ ਹੋਵੇ ਉੱਥੇ ਹੀ ਇਸ ਕੈਪਸੂਲ ਜਾਂ ਗੋਲੀ ਦੀ 75 ਐੱਮਜੀ ਤੋਂ ਵੱਧ ਦੀ ਮਾਤਰਾ ਦੀ ਦਵਾਈ ਮਰੀਜ਼ ਨੂੰ ਲਿਖੀ ਜਾਵੇ ਅਤੇ ਇਸਦਾ ਰਿਕਾਰਡ ਰੱਖਿਆ ਜਾਵੇ। ਬਿਨ੍ਹਾਂ ਰਿਕਾਰਡ ਤੋਂ ਇਸਦੀ ਸੇਲ ਪਰਚੇਜ਼ ਉੱਪਰ ਪੂਰਨ ਤੌਰ ’ਤੇ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ ਬੀਐੱਨਐੱਸਐੱਸ 2023 ਦੀ ਧਾਰਾ 223 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।