ਡਿਜੀਟਲ ਪੇਪਰ ਮਾਰਕਿੰਗ ਨੇ ਪ੍ਰੇਸ਼ਾਨ ਕੀਤੇ ਅਧਿਆਪਕ
ਪੰਜਾਬ ਸਕੂਲ ਸਿੱਖਿਆ ਬੋਰਡ
Publish Date: Sat, 14 Mar 2026 06:44 PM (IST)
Updated Date: Sat, 14 Mar 2026 06:45 PM (IST)
- ਪੇਪਰ ਮਾਰਕਿੰਗ ਆਫ਼ਲਾਈਨ ਹੀ ਹੋਵੇ-ਡੀਟੀਐੱਫ਼
ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ
ਮੋਗਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਫੈਸਲੇ ਡਿਜੀਟਲ ਪੇਪਰ ਮਾਰਕਿੰਗ ਨੇ ਅਧਿਆਪਕਾਂ ਨੂੰ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅੱਠਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਪੇਪਰ ਦੀ ਮਾਰਕਿੰਗ ਡਿਜੀਟਲ ਤਰੀਕੇ ਨਾਲ ਕਰਨ ਦਾ ਹੁਕਮ ਆਇਆ ਹੈ ਜਿਸ ਕਾਰਨ ਅਧਿਆਪਕ ਪ੍ਰੇਸ਼ਾਨ ਹਨ।
ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਕੋਲ ਇੰਟਰਨੈੱਟ ਦੀ ਸਮੱਸਿਆ ਅਤੇ ਕੰਪਿਊਟਰ ਜਾਂ ਲੈਪਟੋਪ ਦੀ ਸਮੱਸਿਆ ਕਾਰਨ ਇਹ ਪੇਪਰ ਮਾਰਕਿੰਗ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਪੇਪਰ ਮਾਰਕਿੰਗ ਦਾ ਸਮਾਂ ਵੀ 9 ਤੋਂ 4 ਵਜੇ ਤੱਕ ਰੱਖਣ ਕਾਰਨ ਅਧਿਆਪਕ ਪ੍ਰੇਸ਼ਾਨ ਹੋ ਰਹੇ ਹਨ। ਦੂਰ ਦਰਾਜ਼ ਦੇ ਦਿਹਾਤੀ ਇਲਾਕਿਆਂ ਵਿਚ ਇੰਟਰਨੈੱਟ ਦੀ ਸਮੱਸਿਆ ਹੋਣ ਕਾਰਨ ਪੇਪਰ ਮਾਰਕਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ ਸਵਰਨਦਾਸ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਝੋਰੜਾਂ, ਸੰਯੁਕਤ ਸਕੱਤਰ ਅਮਨਦੀਪ ਮਾਛੀਕੇ , ਵਿਤ ਸਕੱਤਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਸ ਮਾਰਕਿੰਗ ਦੀਆਂ ਡਿਊਟੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੱਗਣ ਕਾਰਨ ਵੀ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਜੋ ਅਧਿਆਪਕ ਕਿਸੇ ਸਮੱਸਿਆ ਕਾਰਨ ਪੇਪਰ ਮਾਰਕਿੰਗ ਕਰਨ ਦੇ ਯੋਗ ਨਹੀਂ ਉਸ ਦੀ ਡਿਊਟੀ ਜ਼ਿਲ੍ਹਾ ਪੱਧਰ ’ਤੇ ਨਹੀਂ ਕੱਟੀ ਜਾ ਰਹੀ। ਇਸ ਤੋਂ ਇਲਾਵਾ ਇਸ ਪੇਪਰ ਮਾਰਕਿੰਗ ਬਾਰੇ ਅਧਿਆਪਕਾਂ ਨੂੰ ਕੋਈ ਟ੍ਰੇਨਿਗ ਨਹੀਂ ਦਿੱਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਪੇਪਰ ਮਾਰਕਿੰਗ ਪਹਿਲਾਂ ਦੀ ਤਰ੍ਹਾਂ ਆਫ਼ ਲਾਈਨ ਹੀ ਹੋਵੇ।