ਡੀਸੀ ਨੇ ਕਣਕ ਦੇ ਖਰੀਦ ਪ੍ਰਬੰਧਾਂ ਦੀ ਕੀਤੀ ਸਮੀਖਿਆ
ਡਿਪਟੀ ਕਮਿਸ਼ਨਰ ਸਾਗਰ ਸੇਤੀਆ
Publish Date: Thu, 02 Apr 2026 03:56 PM (IST)
Updated Date: Fri, 03 Apr 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਅੱਜ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਆਪਣੇ ਦਫ਼ਤਰ ਵਿਖੇ ਵੱਖ ਵੱਖ ਅਧਿਕਾਰੀਆਂ, ਆੜ੍ਹਤੀਆਂ ਅਤੇ ਜ਼ਿਲ੍ਹਾ ਮੋਗਾ ਦੀਆਂ ਸਮੂਹ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ । ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਾਲ 7.35 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫ਼ਸਲ ਵੇਚਣ ਵਿਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਵੱਲੋਂ ਮੀਟਿੰਗ ਵਿਚ ਆੜ੍ਹਤੀਆਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ। ਉਨ੍ਹਾਂ ਸਮੂਹ ਖ਼ਰੀਦ ਏਜੰਸੀਆਂ ਪਾਸੋਂ ਕਣਕ ਦੀ ਸਟੋਰੇਜ਼ ਲਈ ਲੋੜੀਂਦੀ ਜਗ੍ਹਾ, ਬਾਰਦਾਨਾ ਅਤੇ ਹੋਰ ਸਟਾਕ ਆਰਟੀਕਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਇਸ ਤੋਂ ਇਲਾਵਾ ਸਮੂਹ ਖ਼ਰੀਦ ਕੇਂਦਰਾਂ ’ਤੇ ਸਟਾਫ਼ ਦੀ ਤਾਇਨਾਤੀ ਸਮੇਂ ਸਿਰ ਕਰਨ ਦੀ ਹਦਾਇਤ ਵੀ ਜਾਰੀ ਕੀਤੀ। ਮੀਟਿੰਗ ਵਿੱਚ ਉਨ੍ਹਾਂ ਜਿ਼ਲ੍ਹਾ ਮੰਡੀ ਅਫ਼ਸਰ ਮੋਗਾ ਨੂੰ ਜ਼ਿਲ੍ਹਾ ਦੇ ਸਾਰੇ ਖ਼ਰੀਦ ਕੇਂਦਰਾਂ ਵਿਖੇ ਸਾਫ਼-ਸਫ਼ਾਈ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਜ਼ਿਲਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖ਼ਰੀਦ ਲਈ ਜ਼ਿਲ੍ਹਾ ਮੋਗਾ ਵਿਚ 112 ਸਰਕਾਰੀ ਖ਼ਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ, ਜ਼ਿਲ੍ਹਾ ਮੰਡੀ ਅਫ਼ਸਰ ਅਤੇ ਸਮੂਹ ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਹਾਜ਼ਰ ਸਨ।