ਇੰਤਕਾਲ 30 ਦਿਨਾਂ ’ਚ ਯਕੀਨੀ ਬਣਾਉਣ ਦੇ ਹੁਕਮ
ਪੰਜਾਬ ਸਰਕਾਰ ਵੱਲੋਂ ਜ਼ਮੀਨ
Publish Date: Mon, 13 Apr 2026 04:18 PM (IST)
Updated Date: Tue, 14 Apr 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪੰਜਾਬ ਸਰਕਾਰ ਵੱਲੋਂ ਜ਼ਮੀਨ ਦੀ ਪਰਿਵਾਰਕ ਵੰਡ ਦੇ ਆਧਾਰ ’ਤੇ ਇੰਤਕਾਲ ਕਰਨ ਲਈ ਜਾਰੀ ਹੁਕਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਆਪਸੀ ਸਹਿਮਤੀ ਵਾਲੇ ਕੇਸਾਂ ਵਿਚ ਇੰਤਕਾਲ 30 ਦਿਨਾਂ ਦੇ ਅੰਦਰ ਅੰਦਰ ਦਰਜ ਕੀਤਾ ਜਾਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ। ਉਨ੍ਹਾ ਕਿਹਾ ਕਿ ਕਾਫ਼ੀ ਥਾਵਾਂ ’ਤੇ ਲੋਕਾਂ ਵੱਲੋਂ ਆਪਣੀ ਜ਼ਮੀਨ ਦੀ ਪਰਿਵਾਰਕ ਵੰਡ ਕਰ ਲਈ ਜਾਂਦੀ ਹੈ ਪਰੰਤੂ ਸਮੇਂ ਸਿਰ ਇਸ ਸਬੰਧੀ ਇੰਤਕਾਲ ਨਾ ਹੋਣ ਕਾਰਨ ਬਾਅਦ ਵਿਚ ਇਸ ਕਾਰਨ ਪਰਿਵਾਰਕ ਝਗੜੇ ਖੜ੍ਹੇ ਹੋ ਜਾਂਦੇ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਦੇਸ਼ ਦਿੱਤਾ ਹੈ ਕਿ 13 ਅਪ੍ਰੈਲ ਤੋਂ ਵਿਸ਼ੇਸ਼ ਮੁਹਿੰਮ ਚਲਾ ਕੇ ਪਰਿਵਾਰਕ ਸਮਝੌਤਿਆਂ ਦੇ ਅਧਾਰ ’ਤੇ ਜ਼ਮੀਨ ਦੀ ਵੰਡ ਸਬੰਧੀ ਇੰਤਕਾਲ ਦਰਜ ਕਰਕੇ ਪ੍ਰਵਾਨ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਸਮੂਹ ਤਹਿਸੀਲਦਾਰ/ਨਾਇਬ ਤਹਿਸੀਲਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਜਦ ਹੀ ਕਿਸੇ ਵਿਅਕਤੀ/ਪਰਿਵਾਰ/ਖੇਵਟਦਾਰ ਵੱਲੋਂ ਇਸ ਸਬੰਧੀ ਸਾਰੀਆਂ ਧਿਰਾਂ ਵੱਲੋਂ ਦਸਤਖ਼ਤ ਕੀਤਾ ਵੰਡ ਦਾ ਨਕਸ਼ਾ ਪ੍ਰਾਪਤ ਹੁੰਦਾ ਹੈ ਤਾਂ ਪਟਵਾਰੀ ਵੱਲੋਂ ਤੁਰੰਤ ਇਸਦੇ ਅਧਾਰ ’ਤੇ ਇੰਤਕਾਲ ਦਰਜ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਕੰਮ ਦੀ ਨਿੱਜੀ ਤੌਰ ’ਤੇ ਹਫ਼ਤਾਵਰੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ 30 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇ ਤਾਂ ਜੋ ਆਪਣੇ ਜ਼ਿਲ੍ਹੇ ਦੇ ਵਿਚ ਪਰਿਵਾਰਕ ਵੰਡਾਂ ਸਬੰਧੀ ਵੱਧ ਤੋਂ ਵੱਧ ਇੰਤਕਾਲ ਪ੍ਰਵਾਨ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਹਰ ਪਟਵਾਰੀ ਵੱਲੋਂ ਆਪਣੇ ਅਧਿਕਾਰ ਖੇਤਰ ’ਚ ਆਉਂਦੇ ਹਰ ਪਿੰਡ ਵਿਚ ਸਰਕਾਰ ਦੀ ਇਸ ਸਕੀਮ ਸਬੰਧੀ ਮੁਨਿਆਦੀ ਕਰਵਾਈ ਜਾਵੇ। ਉਸ ਵੱਲੋਂ ਇਸ ਸਬੰਧੀ ਪਿੰਡ ਵਿਚ ਕੈਂਪ ਲਗਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਲਿੰਕ ਵੀ ਬਣਾਇਆ ਗਿਆ ਹੈ। ਇਸ ਬਾਰੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਸੁਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀਆਂ ਦਰਖ਼ਾਸਤਾਂ ਪਟਵਾਰੀਆਂ ਨੂੰ ਸਿੱਧੇ ਪ੍ਰਾਪਤ ਹੁੰਦੀਆਂ ਹਨ, ਉਨਾਂ ਵੱਲੋਂ ਉਹ ਵੀ ਪੋਰਟਲ ’ਤੇ ਦਰਜ ਕਰਨੀਆਂ ਯਕੀਨੀ ਬਣਾਈਆਂ ਜਾਣ।