ਜਾਨਲੇਵਾ ਹਮਲਾ ਕਰਨ ਵਾਲਿਆਂ ’ਤੇ ਕਾਰਵਾਈ ਦੀ ਮੰਗ
ਪਿੰਡ ਪੰਜਗਰਾਈਂ ਖ਼ੁਰਦ ਵਿਖੇ
Publish Date: Thu, 29 Jan 2026 04:11 PM (IST)
Updated Date: Fri, 30 Jan 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪਿੰਡ ਪੰਜਗਰਾਈਂ ਖ਼ੁਰਦ ਵਿਖੇ ਕਈ ਦਿਨ ਪਹਿਲਾਂ ਅਕਾਸ਼ਦੀਪ ਸਿੰਘ ਉੱਪਰ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਦੋ ਹਫਤੇ ਬਾਅਦ ਵੀ ਬਣਦੀ ਕਾਨੂੰਨੀ ਕਾਰਵਾਈ ਨਾ ਹੋਣ 'ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਥਾਣਾ ਸਮਾਲਸਰ ਵਿਖੇ ਐਸਐਚਓ ਸਮਾਲਸਰ ਦੇ ਨਾਮ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਦਰਖ਼ਾਸਤ ਸੌਂਪੀ ਅਤੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਬਾਘਾਪੁਰਾਣਾ ਦੇ ਪ੍ਰਧਾਨ ਜਗਦੀਪ ਸਿੰਘ ਲੰਗੇਆਣਾ, ਜੱਸਾ ਲੰਗੇਆਣਾ ਨੇ ਦੱਸਿਆ ਕਿ ਅਕਾਸ਼ਦੀਪ ਜਿਸ ਦੇ ਸਿਰ ਵਿਚ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕੀਤਾ। ਉਨ੍ਹਾਂ ਖ਼ਿਲਾਫ਼ ਸਿਰਫ 23 ਦੀ ਰਪਟ ਹੀ ਕੀਤੀ ਹੈ ਅਤੇ ਮੁਲਜ਼ਮਾਂ ਨੂੰ ਥਾਣੇ ਤੱਕ ਵੀ ਨਹੀਂ ਬੁਲਾਇਆ ਗਿਆ। ਅਕਾਸ਼ਦੀਪ ਨੂੰ ਹਾਲਤ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਫ਼ਰੀਦਕੋੋਟ ਤੇ ਉਥੋਂ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ ਜੋ ਹਾਲੇ ਵੀ ਏਮਜ਼ ਬਠਿੰਡਾ ਵਿਖੇ ਜ਼ੇਰੇ ਇਲਾਜ਼ ਹੈ। ਪੁਲਿਸ ਨੇ ਹਾਲੇ ਤੱਕ ਡਾਕਟਰਾਂ ਤੋਂ ਰਾਏ ਲੈ ਕੇ ਮੁਕੱਦਮੇ ਵਿਚ ਵਾਧਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸਿਰਫ਼ 751 ਦੀ ਕਾਰਵਾਈ ਕੀਤੀ ਹੈ। ਕਰਮਜੀਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਉਹ ਸ਼ਰ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਥਾਣਾ ਸਮਾਲਸਰ ਦੇ ਪੁਲਿਸ ਮੁਲਾਜ਼ਮ ਜੋ ਇਸ ਮਸਲੇ ਨੂੰ ਦੇਖ ਰਿਹਾ ਹੈ, ਉਸਦਾ ਪਰਿਵਾਰ ਨਾਲ ਰਵੱਈਆ ਠੀਕ ਨਹੀਂ ਹੈ। ਉਸਦੀ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਜੇਕਰ ਇਨਸਾਫ਼ ਨਾ ਮਿਲਿਆ ਤਾਂ ਅਗਲੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਅਤੇ ਲੋਕ ਹਾਜ਼ਰ ਸਨ।