ਡੀਸੀ ਵੱਲੋਂ ਮੈਰਿਜ ਪੈਲੇਸਾਂ ਦੀ ਚਾਰਦੀਵਾਰੀ ਤੋਂ ਬਾਹਰ ਵਾਹਨਾਂ ਦੀ ਪਾਰਕਿੰਗ ’ਤੇ ਪਾਬੰਦੀ
ਡੀਸੀ ਮੋਗਾ ਸਾਗਰ ਸੇਤੀਆ
Publish Date: Wed, 07 Jan 2026 04:08 PM (IST)
Updated Date: Thu, 08 Jan 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਡੀਸੀ ਮੋਗਾ ਸਾਗਰ ਸੇਤੀਆ ਵੱਲੋਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ’ਚ ਸਥਿਤ ਸਾਰੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਕਿਸੇ ਵੀ ਫੰਕਸ਼ਨ ਸਮੇਂ ਵਾਹਨਾਂ ਦੀ ਪਾਰਕਿੰਗ ਆਪਣੇ ਮੈਰਿਜ ਪੈਲੇਸਾਂ ਦੀ ਚਾਰਦੀਵਾਰੀ ਅੰਦਰ ਹੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਮੈਰਿਜ ਪੈਲਿਸਾਂ ਦੇ ਮਾਲਕ ਅਤੇ ਮੈਰਿਜ ਪੈਲਸਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮੈਰਿਜ ਪੈਲਿਸਾਂ ਦੇ ਮਾਲਕਾਂ ਵੱਲੋਂ ਇਹ ਵੀ ਧਿਆਨ ਵਿਚ ਰੱਖਿਆ ਜਾਵੇ ਕਿ ਸਰਕਾਰ ਦੀ ਪ੍ਰਾਪਰਟੀ ਜਿਸ ਦੀ ਕਿਸੇ ਸੜਕ ਲਈ ਨਿਸ਼ਾਨਦੇਹੀ ਕੀਤੀ ਗਈ ਹੈ ਉਸ ਨੂੰ ਵਾਹਨਾਂ ਦੀ ਪਾਰਕਿੰਗ ਲਈ ਨਾ ਵਰਤਿਆ ਜਾਵੇ। ਸਾਗਰ ਸੇਤੀਆ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੇ ਹੁਕਮਾਂ ਅਤੇ ਐਕਟ ਦੇ ਨਿਯਮਾਂ ਦੀ ਮੈਰਿਜ ਪੈਲਸਾਂ ਦੇ ਮਾਲਕਾਂ ਵੱਲੋਂ ਪਾਲਣਾ ਕੀਤੀ ਜਾਵੇ। ਮੈਰਿਜ ਪੈਲੇਸਾਂ ਦੀ ਚਾਰ ਦੀਵਾਰੀ ਤੋਂ ਬਾਹਰ ਵਾਹਨਾਂ ਦੀ ਪਾਰਕਿੰਗ ਕਰਨ ਨਾਲ ਜਿੱਥੇ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ ਉੱਥੇ ਟ੍ਰੈਫਿਕ ਲਈ ਵੀ ਬਹੁਤ ਸਮੱਸਿਆ ਪੈਦਾ ਹੁੰਦੀ ਹੈ। ਇਹ ਹੁਕਮ 28 ਫਰਵਰੀ ਤੱਕ ਲਾਗੂ ਰਹਿਣਗੇ।