ਸੀਟੀ ਯੂਨੀਵਰਸਿਟੀ ਦਾ 7ਵਾਂ ਸਾਲਾਨਾ ਐਥਲੈਟਿਕ ਮੀਟ 2026 ਖੇਡ ਜਜ਼ਬੇ ਨਾਲ ਸ਼ਾਨਦਾਰ ਢੰਗ ਨਾਲ ਸਮਾਪਤ
ਸੀਟੀ ਯੂਨੀਵਰਸਿਟੀ ਨੇ ਆਪਣਾ 7ਵਾਂ
Publish Date: Wed, 11 Feb 2026 06:43 PM (IST)
Updated Date: Wed, 11 Feb 2026 06:45 PM (IST)

-ਸਕੂਲ ਆਫ਼ ਲਾਅ ਨੇ ਜਿੱਤੀ ਓਵਰਆਲ ਟਰਾਫ਼ੀ, ਦੋ ਦਿਨਾ ਖੇਡ ਮੇਲੇ ’ਚ ਖਿਡਾਰੀਆਂ ਨੇ ਕੀਤਾ ਬਿਹਤਰੀਨ ਪ੍ਰਦਰਸ਼ਨ ਸਟਾਫ ਰਿਪੋਰਟਰ 0 ਪੰਜਾਬੀ ਜਾਗਰਣ ਮੋਗਾ : ਸੀਟੀ ਯੂਨੀਵਰਸਿਟੀ ਨੇ ਆਪਣੀ 7ਵੀਂ ਸਾਲਾਨਾ ਐਥਲੈਟਿਕਸ ਮੀਟ 2026 ਕਾਮਯਾਬੀ ਨਾਲ ਕਰਵਾਈ। ਇਹ ਦੋ ਦਿਨਾਂ ਦਾ ਵੱਡਾ ਖੇਡ ਸਮਾਗਮ ਸੀ, ਜਿਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਯੂਨੀਵਰਸਿਟੀ ਦਾ ਖੇਡ ਮੈਦਾਨ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਰਿਆ ਹੋਇਆ ਸੀ। ਖਿਡਾਰੀਆਂ ਨੇ ਟਰੈਕ ਅਤੇ ਫੀਲਡ ਦੇ ਕਈ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਕਾਬਲੀਅਤ ਦਿਖਾਈ। ਇਹ ਸਮਾਗਮ ਯੂਨੀਵਰਸਿਟੀ ਦੀ ਸਮੂਹਿਕ ਵਿਕਾਸ ਅਤੇ ਸਰੀਰਕ ਤੰਦਰੁਸਤੀ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੀਟ ਦੀ ਸਭ ਤੋਂ ਵੱਡੀ ਉਪਲੱਬਧੀ ਸਕੂਲ ਆਫ਼ ਲਾਅ ਦੀ ਰਹੀ, ਜਿਸ ਨੇ 9 ਸੋਨੇ, 6 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤ ਕੇ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ। ਸਕੂਲ ਆਫ਼ ਲਾਅ ਨੇ ਆਪਣਾ ਅਨੁਸ਼ਾਸਨ ਅਤੇ ਏਕਤਾ ਦਿਖਾਉਂਦੇ ਹੋਏ ਮਾਰਚ ਪਾਸਟ ਟਰਾਫ਼ੀ ਵੀ ਜਿੱਤੀ। ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੇ 7 ਸੋਨੇ, 7 ਚਾਂਦੀ ਅਤੇ 6 ਕਾਂਸੀ ਦੇ ਤਗਮਿਆਂ ਨਾਲ ਦੂਜਾ ਸਥਾਨ ਹਾਸਲ ਕੀਤਾ। ਤੀਜਾ ਸਥਾਨ ਸਾਂਝੇ ਤੌਰ ’ਤੇ ਸਕੂਲ ਆਫ਼ ਸਾਇੰਸ ਅਤੇ ਲਿਬਰਲ ਆਰਟਸ ਨੇ ਪ੍ਰਾਪਤ ਕੀਤਾ, ਜਿਨ੍ਹਾਂ ਨੇ 4 ਸੋਨੇ, 4 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ। ਵਿਅਕਤੀਗਤ ਪ੍ਰਦਰਸ਼ਨ ਵੀ ਕਾਬਿਲ ਏ ਤਾਰੀਫ਼ ਰਹੇ। ਕੋਮਲਪ੍ਰੀਤ ਕੌਰ ਨੂੰ ਲੜਕੀਆਂ ਦੀ ਸ਼੍ਰੇਣੀ ਵਿਚ ਬੈਸਟ ਐਥਲੀਟ ਘੋਸ਼ਿਤ ਕੀਤਾ ਗਿਆ। ਉਨ੍ਹਾਂ ਨੇ 4 ਸੋਨੇ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕਿਆਂ ਦੀ ਸ਼੍ਰੇਣੀ ਵਿਚ ਨਿਰਮਲ ਨੂੰ 2 ਸੋਨੇ ਅਤੇ 1 ਚਾਂਦੀ ਦੇ ਤਗਮੇ ਨਾਲ ਬੈਸਟ ਐਥਲੀਟ ਦਾ ਖ਼ਿਤਾਬ ਮਿਲਿਆ। ਸਟਾਫ਼ ਸ਼੍ਰੇਣੀ ਵਿਚ ਵੀ ਪ੍ਰੇਰਣਾਦਾਇਕ ਹਿੱਸੇਦਾਰੀ ਦੇਖਣ ਨੂੰ ਮਿਲੀ। ਅਕਸ਼ੇ ਠਾਕੁਰ ਨੂੰ ਪੁਰਸ਼ ਸਟਾਫ਼ ਵਰਗ ਵਿਚ 3 ਸੋਨੇ, 3 ਚਾਂਦੀ ਅਤੇ 1 ਕਾਂਸੀ ਦੇ ਤਗਮਿਆਂ ਨਾਲ ਬੈਸਟ ਐਥਲੀਟ ਮੰਨਿਆ ਗਿਆ। ਇਸੇ ਤਰ੍ਹਾਂ ਅਰਸ਼ਦੀਪ ਕੌਰ ਨੂੰ ਮਹਿਲਾ ਸਟਾਫ਼ ਵਰਗ ਵਿਚ 4 ਸੋਨੇ ਦੇ ਤਗਮੇ ਜਿੱਤਣ ’ਤੇ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਸਮਾਗਮ ਵਿਚ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ, ਪ੍ਰੋ: ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਪ੍ਰੋ: ਵਾਈਸ ਚਾਂਸਲਰ ਡਾ. ਸਿਮਰਨਜੀਤ ਕੌਰ ਗਿੱਲ, ਰਜਿਸਟਰਾਰ ਸੰਜੇ ਖੰਡੂਰੀ ਅਤੇ ਡਾਇਰੈਕਟਰ ਸਟੂਡੈਂਟ ਵੈੱਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਦੀ ਮੌਜੂਦਗੀ ਰਹੀ। ਉਨ੍ਹਾਂ ਦੇ ਹੌਸਲਾ ਅਫ਼ਜ਼ਾਈ ਭਰੇ ਸ਼ਬਦਾਂ ਨੇ ਖਿਡਾਰੀਆਂ ਦਾ ਮਨੋਬਲ ਵਧਾਇਆ। ਸੰਬੋਧਨ ਵਿਚ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਹਿੰਮਤ ਅਤੇ ਲੀਡਰਸ਼ਿੱਪ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਦੇ ਜਜ਼ਬੇ ਅਤੇ ਮੇਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਸਿੱਖਿਆ ਨਾਲ ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ। ਸਪੋਰਟਸ ਵਿਭਾਗ ਦੇ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ 7ਵਾਂ ਸਾਲਾਨਾ ਐਥਲੈਟਿਕਸ ਮੀਟ ਸਿਰਫ਼ ਇਕ ਮੁਕਾਬਲਾ ਨਹੀਂ ਸੀ ਬਲਕਿ ਏਕਤਾ, ਮਿਹਨਤ ਅਤੇ ਟੀਮ ਸਪਿਰਟ ਦਾ ਜਸ਼ਨ ਸੀ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਬੰਧਨ, ਆਯੋਜਕ ਟੀਮ ਅਤੇ ਸੇਵਾਦਾਰਾਂ ਦਾ ਸਫ਼ਲ ਆਯੋਜਨ ਲਈ ਧੰਨਵਾਦ ਕੀਤਾ।