ਸੀਟੀ ਯੂਨੀਵਰਸਿਟੀ ਨੇ ਮਹਿਲਾ ਦਿਵਸ ਮੌਕੇ ਪੈਨਲ ਚਰਚਾ ਕਰਵਾਈ
ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀ
Publish Date: Sat, 07 Mar 2026 04:48 PM (IST)
Updated Date: Sun, 08 Mar 2026 04:04 AM (IST)

ਰੂੜੀਆਂ ਤੋਂ ਪਰੇ ਔਰਤਾਂ ਦੀ ਨਿੱਜੀ ਪਛਾਣ ਦਾ ਸਤਿਕਾਰ ਕਰਨ ਬਾਰੇ ਸੰਵਾਦ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੇ ਮੌਕੇ ’ਤੇ ਇਕ ਅਰਥਪੂਰਨ ਅਤੇ ਵਿਚਾਰਉਤਪਾਦਕ ਪੈਨਲ ਚਰਚਾ ਕਰਵਾਈ ਗਈ। ਇਸ ਚਰਚਾ ਦਾ ਵਿਸ਼ਾ ਮਹਿਲਾਵਾਂ ਬਾਰੇ ਉਹ ਗੱਲਾਂ ਜਿਨ੍ਹਾਂ ਨੂੰ ਮਰਦ ਅਕਸਰ ਨਹੀਂ ਵੇਖਦੇ ਉਸਦੀ ਸੁਰੱਖਿਆ ਤੋਂ ਅੱਗੇ ਵਧ ਕੇ ਉਸਦੀ ਨਿੱਜੀ ਪਹਿਚਾਣ ਦਾ ਸਤਿਕਾਰ ਸੀ। ਇਸ ਸੈਸ਼ਨ ਦਾ ਮਕਸਦ ਸਮਾਜ ਵਿਚ ਮਹਿਲਾਵਾਂ ਨੂੰ ਰੂੜੀਵਾਦੀ ਸੋਚ ਤੋਂ ਪਰੇ ਸਮਝਣ ਅਤੇ ਉਨ੍ਹਾਂ ਦੀ ਨਿੱਜੀ ਪਹਿਚਾਣ, ਤਾਕਤ ਅਤੇ ਇੱਛਾਵਾਂ ਨੂੰ ਮੰਨਤਾ ਦੇਣ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪੈਨਲ ਚਰਚਾ ਵਿਚ ਮਾਣਯੋਗ ਵਕਤਾਵਾਂ ਨੇ ਹਿੱਸਾ ਲਿਆ ਅਤੇ ਲਿੰਗ ਸਮਾਨਤਾ, ਸਤਿਕਾਰ ਅਤੇ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਮੁੱਖ ਪੈਨਲਿਸਟ ਵਜੋਂ ਡਾ. ਸੁਮਨ ਸੇਠੀ ਐੱਮਬੀਬੀਐੱਸ, ਐੱਮਡੀ ਮੈਡੀਸਨ, ਡੀਐੱਮ ਨੇਫਰੋਲੋਜੀ ਸ਼ਾਮਲ ਰਹੇ। ਪ੍ਰੋਗਰਾਮ ਦਾ ਸੰਚਾਲਨ ਜਸਨੂਰ ਧਵਨ ਨੇ ਐੱਮਸੀ ਵਜੋਂ ਕੀਤਾ ਅਤੇ ਪੂਰੇ ਸੈਸ਼ਨ ਨੂੰ ਦਿਲਚਸਪ ਅਤੇ ਗਿਆਨਵਰਧਕ ਢੰਗ ਨਾਲ ਅੱਗੇ ਵਧਾਇਆ। ਚਰਚਾ ਦੌਰਾਨ ਵਕਤਾਵਾਂ ਨੇ ਦੱਸਿਆ ਕਿ ਸਮਾਜ ਵਿਚ ਮਹਿਲਾਵਾਂ ਨੂੰ ਅਕਸਰ ਪਹਿਲਾਂ ਤੋਂ ਤੈਅ ਕੀਤੀਆਂ ਭੂਮਿਕਾਵਾਂ ਦੇ ਅਧਾਰ ’ਤੇ ਦੇਖਿਆ ਜਾਂਦਾ ਹੈ ਜਦਕਿ ਉਨ੍ਹਾਂ ਦੀ ਨਿੱਜੀ ਪਹਿਚਾਣ, ਸੁਪਨੇ ਅਤੇ ਯੋਗਤਾਵਾਂ ਕਈ ਵਾਰ ਨਜ਼ਰਅੰਦਾਜ਼ ਹੋ ਜਾਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਦਾ ਅਸਲ ਸਸ਼ਕਤੀਕਰਨ ਸਿਰਫ਼ ਉਨ੍ਹਾਂ ਦੀ ਸੁਰੱਖਿਆ ਨਹੀਂ, ਸਗੋਂ ਉਨ੍ਹਾਂ ਦੇ ਫ਼ੈਸਲਿਆਂ, ਆਵਾਜ਼ ਅਤੇ ਆਜ਼ਾਦੀ ਦਾ ਸਤਿਕਾਰ ਕਰਨ ਵਿਚ ਹੈ। ਪੈਨਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿਚ ਸਮਾਨਤਾ, ਸੰਵੇਦਨਸ਼ੀਲਤਾ ਅਤੇ ਪਰਸਪਰ ਸਤਿਕਾਰ ਦੀ ਸੋਚ ਅਪਣਾਉਣ। ਇਸ ਮੌਕੇ ’ਤੇ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮਾਜ ਦੇ ਹਰ ਖੇਤਰ ਵਿਚ ਮਹਿਲਾਵਾਂ ਦੇ ਯੋਗਦਾਨ ਨੂੰ ਮੰਨਤਾ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਇਕ ਅੱਗੇ ਵਧਦੇ ਸਮਾਜ ਦੀ ਰਚਨਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜਿੱਥੇ ਮਹਿਲਾਵਾਂ ਨੂੰ ਸਤਿਕਾਰ, ਇਜ਼ਤ ਅਤੇ ਬਰਾਬਰ ਦੇ ਮੌਕੇ ਮਿਲਦੇ ਹਨ। ਇਸੇ ਤਰ੍ਹਾਂ ਪ੍ਰੋ. ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਨੌਜਵਾਨਾਂ ਨੂੰ ਰੂੜੀਵਾਦੀ ਸੋਚ ਨੂੰ ਚੁਣੌਤੀ ਦੇਣ ਅਤੇ ਕੈਂਪਸ ’ਚ ਸਮਾਨਤਾ ਅਤੇ ਸਤਿਕਾਰ ਦੀ ਸੰਸਕ੍ਰਿਤੀ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਉਨ੍ਹਾਂ ਦੀ ਨਿੱਜੀ ਪਹਿਚਾਣ ਨੂੰ ਸਮਝਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਸਹਿਯੋਗ ਦੇਣ ਨਾਲ ਸ਼ੁਰੂ ਹੁੰਦਾ ਹੈ। ਇਸ ਸੈਸ਼ਨ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕਾਰਜਕ੍ਰਮ ਦਾ ਅੰਤ ਇਸ ਸੰਦੇਸ਼ ਨਾਲ ਹੋਇਆ ਕਿ ਸਾਨੂੰ ਮਹਿਲਾਵਾਂ ਨੂੰ ਸਿਰਫ਼ ਸੁਰੱਖਿਆ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਸਗੋਂ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ, ਜਿੱਥੇ ਮਹਿਲਾਵਾਂ ਨੂੰ ਉਨ੍ਹਾਂ ਦੀ ਅਸਲੀ ਪਹਿਚਾਣ ਦੇ ਨਾਲ ਕਦਰ, ਸਤਿਕਾਰ ਅਤੇ ਮਾਣ ਮਿਲੇ।