ਪ੍ਰਧਾਨ ਲਵਲੀ ਸਿੰਗਲਾ ਤੇ ਟੀਮ ਦਾ ਕੀਤਾ ਸਨਮਾਨ
ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ
Publish Date: Mon, 19 Jan 2026 05:00 PM (IST)
Updated Date: Tue, 20 Jan 2026 04:07 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ 18 ਜਨਵਰੀ ਨੂੰ ਮਾਘੀ ਪੈਲੇਸ ਵਿਖੇ ਇਕ ਮਹੱਤਵਪੂਰਨ ਸੀਪੀਆਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਆਮ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਜੀਵਨ ਰੱਖਿਅਕ ਸੀਪੀਆਰ ਤਕਨੀਕਾਂ ਦੀ ਸਿਖਲਾਈ ਦੇਣਾ ਸੀ ਤਾਂ ਜੋ ਸਮੇਂ ਸਿਰ ਅਤੇ ਢੁੱਕਵੀਂ ਕਾਰਵਾਈ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਅੱਗਰਵਾਲ ਸਮਾਜ ਮਹਿਲਾ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਨਿਰੰਤਰ ਨਿਰਸਵਾਰਥ ਅਤੇ ਲੋਕ ਭਲਾਈ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਸਮਾਗਮ ਵਿਚ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਲਵਲੀ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੂੰ ਨਿੱਜੀ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿਚ ਰਾਜਪਾਲ ਕਟਾਰੀਆ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿਚ ਔਰਤਾਂ ਵਲੋਂ ਕੀਤਾ ਜਾ ਰਿਹਾ ਕੰਮ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਸੀਪੀਆਰ ਵਰਗੇ ਸਿਖਲਾਈ ਕੈਂਪਾਂ ਨੂੰ ਸਮੇਂ ਦੀ ਲੋੜ ਦੱਸਦੇ ਹੋਏ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦੌਰਾਨ ਟਰੱਸਟ ਦੇ ਅਧਿਕਾਰੀਆਂ ਨੇ ਮਹਿਲਾ ਸੈੱਲ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਅਜਿਹੇ ਹੋਰ ਸਮਾਜਿਕ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਸਮਾਜ ਸੇਵੀਆਂ, ਔਰਤਾਂ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ।