ਸਰਬਜੀਤ ਕੌਰ ਦੇ ਚੇਅਰਮੈਨ ਬਣਨ ’ਤੇ ਕੌਂਸਲਰ ਸੋਨੀਆ ਵੱਲੋਂ ਵਧਾਈ
ਨਗਰ ਕੌਂਸਲ ਬਾਘਾਪੁਰਾਣਾ ਦੀ ਕੌਂਸਲਰ
Publish Date: Mon, 30 Mar 2026 04:45 PM (IST)
Updated Date: Tue, 31 Mar 2026 04:04 AM (IST)

ਪਵਨ ਗਰਗ ਪੰਜਾਬੀ ਜਾਗਰਣ, ਬਾਘਾ ਪੁਰਾਣਾ: ਨਗਰ ਕੌਂਸਲ ਬਾਘਾਪੁਰਾਣਾ ਦੀ ਕੌਂਸਲਰ ਵੱਲੋਂ ਬਲਾਕ ਸੰਮਤੀ ਬਾਘਾਪੁਰਾਣਾ ਦੀ ਨਵ-ਨਿਯੁਕਤ ਚੇਅਰਮੈਨ ਸਰਬਜੀਤ ਕੌਰ ਨੱਥੂਵਾਲਾ ਗਰਬੀ ਨੂੰ ਦਿਲੋਂ ਵਧਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਬਜੀਤ ਕੌਰ ਦੀ ਇਸ ਜਿੱਤ ਨਾਲ ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਹੋਰ ਵੀ ਤੇਜ਼ੀ ਮਿਲੇਗੀ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਸੋਨੀਆ ਨੇ ਕਿਹਾ ਕਿ ਸਰਬਜੀਤ ਕੌਰ ਨੱਥੂਵਾਲਾ ਗਰਬੀ ਇਕ ਮਿਹਨਤੀ ਅਤੇ ਇਮਾਨਦਾਰ ਆਗੂ ਹਨ, ਜੋ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉੱਤਰਦੇ ਹੋਏ ਖੇਤਰ ਦੇ ਚਰਚਿਤ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਨਵੀਂ ਚੇਅਰਮੈਨ ਦੀ ਅਗਵਾਈ ਹੇਠ ਪਿੰਡਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚੇਗਾ। ਇਸ ਦੌਰਾਨ ਸੋਨੀਆ ਨੇ ਇਹ ਵੀ ਆਖਿਆ ਕਿ ਸਰਬਜੀਤ ਕੌਰ ਦੇ ਚੇਅਰਮੈਨ ਬਣਨ ਦਾ ਵੱਡਾ ਸਿਹਰਾ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਜਾਂਦਾ ਹੈ, ਜਿਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਿਆਸੀ ਸੂਝ-ਬੂਝ ਕਾਰਨ ਇਹ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਹਥਕੰਡੇ ਅਪਣਾਏ ਗਏ ਪਰ ਆਮ ਆਦਮੀ ਪਾਰਟੀ ਦੀ ਮਜ਼ਬੂਤ ਰਣਨੀਤੀ ਅਤੇ ਵਿਧਾਇਕ ਦੀ ਨੇਤ੍ਰਿਤਾ ਦੇ ਅੱਗੇ ਵਿਰੋਧੀਆਂ ਦੀ ਇੱਕ ਨਹੀਂ ਚੱਲੀ। ਉਨ੍ਹਾਂ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਲਈ ਵਚਨਬੱਧ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਖੇਤਰ ਦੇ ਵਿਕਾਸ ਲਈ ਕੰਮ ਕਰਦੀ ਰਹੇਗੀ। ਸੋਨੀਆ ਨੇ ਕਿਹਾ ਕਿ ਬਾਘਾ ਪੁਰਾਣਾ ਦੇ ਲੋਕਾਂ ਨੇ ਜਿਹੜਾ ਭਰੋਸਾ ਪਾਰਟੀ ’ਤੇ ਕੀਤਾ ਹੈ, ਉਸ ਨੂੰ ਕਦੇ ਵੀ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਹਰ ਵਰਗ ਦੀ ਭਲਾਈ ਲਈ ਯਤਨ ਕੀਤੇ ਜਾਣਗੇ। ਅੰਤ ਵਿਚ ਉਨ੍ਹਾਂ ਸਰਬਜੀਤ ਕੌਰ ਨੂੰ ਇੱਕ ਵਾਰ ਫਿਰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ ਅਤੇ ਖੇਤਰ ਨੂੰ ਤਰੱਕੀ ਦੀ ਨਵੀਂ ਉਚਾਈਆਂ ’ਤੇ ਲੈ ਕੇ ਜਾਣਗੇ। ਇਸ ਮੌਕੇ ਕੌਂਸਲਰ ਸੋਨੀਆਂ ਦੇ ਨਾਲ ਉਨ੍ਹਾਂ ਦੀਆਂ ਸਾਥੀ ਮਹਿਲਾਵਾਂ ਆਗੂ ਵੀ ਹਾਜਰ ਸਨ ਜਿਨ੍ਹਾਂ ਨੇ ਸਰਬਜੀਤ ਕੌਰ ਨੂੰ ਚੇਅਰਮੈਨ ਬਣਨ ’ਤੇ ਵਧਾਈ ਦਿੱਤੀ।