ਨੌਕਰੀ ਕਰਦੇ ਅਧਿਆਪਕਾਂ ’ਤੇ ਟੈੱਟ ਦੀ ਸ਼ਰਤ ਲਾਗੂ ਕਰਨ ਦੇ ਵਿਰੋਧ 'ਚ ਜਥੇਬੰਦੀਆਂ ਵੱਲੋਂ ਜਾਰੀ ਪੱਤਰ ਦੀਆਂ ਕਾਪੀਆਂ ਫੂਕੀਆਂ
ਸੂਬੇ ਦੀਆਂ ਸਮੂਹ ਅਧਿਆਪਕ
Publish Date: Wed, 11 Feb 2026 05:51 PM (IST)
Updated Date: Wed, 11 Feb 2026 05:53 PM (IST)

-22 ਫ਼ਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਕੀਤਾ ਐਲਾਨ ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ ਮੋਗਾ : ਸੂਬੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਨੂੰ ਨੌਕਰੀ ’ਚ ਬਣੇ ਰਹਿਣ ਤੇ ਤਰੱਕੀ ਹਾਸਲ ਕਰਨ ਲਈ ਟੈੱਟ ਪਾਸ ਕਰਨ ਦੀ ਸ਼ਰਤ ਥੋਪਣ ਦੇ ਖ਼ਿਲਾਫ਼ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਕੜੀ ਤਹਿਤ ਜ਼ਿਲ੍ਹਾ ਮੋਗਾ ਵਿਖੇ ਵੀ ਜ਼ਿਲ੍ਹੇ ਦੀਆਂ ਸਮੂਹ ਲੜਾਕੂ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਅਧਿਆਪਕਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸਦੀ ਅਗਵਾਈ ਦਿਗਵਿਜੇ ਪਾਲ ਸ਼ਰਮਾ, ਪ੍ਰਗਟਜੀਤ ਕਿਸ਼ਨਪੁਰਾ, ਜੱਜਪਾਲ ਬਾਜੇਕੇ, ਸੁਰਿੰਦਰ ਸ਼ਰਮਾ, ਸੁਖਪਾਲਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਢੋਲੇਵਾਲਾ, ਇੰਦਰਪਾਲ ਢਿੱਲੋਂ ਤੇ ਜਗਵੀਰਨ ਕੌਰ ਨੇ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕੀਤਾ ਕਿ 20-25 ਸਾਲ ਸੇਵਾ ਨਿਭਾਅ ਚੁੱਕੇ ਅਧਿਆਪਕਾਂ ’ਤੇ ਟੈੱਟ ਪਾਸ ਕਰਨ ਦੀ ਸ਼ਰਤ ਥੋਪਣਾ ਗ਼ੈਰ-ਵਿਗਿਆਨਕ ਅਤੇ ਤਰਕਹੀਣ ਹੈ ਕਿਉਂਕਿ ਅਧਿਆਪਕ ਉਸ ਸਮੇਂ ਭਰਤੀ ਦੀਆਂ ਸੇਵਾ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਯੋਗਤਾ ਪੂਰੀ ਕਰ ਕੇ ਨੌਕਰੀ ਵਿਚ ਆਏ ਸਨ। ਇੰਨੇ ਸਮੇਂ ਬਾਦ ਨਵੇਂ ਨਿਯਮ ਲਾਉਣਾ ਕੁਦਰਤੀ ਨਿਆਂ ਪ੍ਰਣਾਲੀ ਦੇ ਵਿਰੁੱਧ ਹੈ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਇਹ ਟੈਸਟ ਥੋਪਣ ਨੂੰ ਦੋਨੋਂ ਸਰਕਾਰਾਂ ਕਾਹਲੀਆਂ ਹਨ, ਜਦਕਿ ਸੁਪਰੀਮ ਕੋਰਟ ਦੇ ਜੋ ਫ਼ੈਸਲੇ ਲੋਕ ਹਿੱਤਾਂ ਵਿਚ ਹੋਏ ਹਨ, ਉਨ੍ਹਾਂ ਨੂੰ ਲਾਗੂ ਕਰਨ ’ਚ ਸਰਕਾਰਾਂ ਡੰਗ ਟਪਾਊ ਨੀਤੀ ਵਰਤਦੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਸਬੰਧੀ ਸੰਸਦ ਵਿਚ ਕਨੂੰਨ ਪਾਸ ਕਰੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਕਾਹਲੀ ਨਾ ਕਰ ਕੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕਰੇ ਨਹੀਂ ਤਾਂ 22 ਫ਼ਰਵਰੀ ਨੂੰ ਪੰਜਾਬ ਭਰ ਦੇ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਮਹਾਂਰੈਲੀ ਕਰਨਗੇ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ। ਇਸ ਮੌਕੇ ਸਿੱਖਿਆ ਵਿਭਾਗ ਵੱਲੋਂ 7 ਫ਼ਰਵਰੀ ਨੂੰ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ, ਜਿਸ ਵਿਚ ਮਾਸਟਰ ਕਾਡਰ ਦੀਆਂ ਪਦਉੱਨਤੀਆਂ ਲਈ ਟੀਈਟੀ ਪਾਸ ਦੀ ਸ਼ਰਤ ਲਗਾ ਦਿੱਤੀ ਗਈ ਹੈ ਅਤੇ 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ ਜਿਸ ਵਿਚ ਟੀਈਟੀ ਤੋਂ ਛੋਟ ਨੂੰ ਰੱਦ ਕਰ ਕੀਤਾ ਗਿਆ ਹੈ। ਇਸ ਮੌਕੇ ਗੁਰਮੀਤ ਸਿੰਘ ਝੋਰੜਾ, ਦਵਿੰਦਰ ਸਿੰਘ, ਸਵਰਨਦਾਸ, ਹਰਲੀਨ ਸਿੰਘ, ਜਗਜੀਤ ਧਾਲੀਵਾਲ, ਗੁਰਮੇਲ ਰੇੜਵਾ, ਹਰਲੀਨ ਸਿੰਘ,ਜਗਵੀਰਨ ਕੌਰ ਮਧੂਬਾਲਾ, ਕੁਲਦੀਪ ਕੌਰ, ਨਵਦੀਪ ਸਿੰਘ ਧੂੜਕੋਟ ਆਦਿ ਹਾਜ਼ਰ ਸਨ।