ਪਿੰਡ ਗਿੱਦੜਵਿੰਡੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਕਾਪੀਆਂ
ਪ੍ਰਦੇਸੀ ਫਾਊਂਡੇਸ਼ਨ ਮੋਗਾ ਵੱਲੋਂ ਮਹਿੰਦਰ
Publish Date: Tue, 21 Apr 2026 03:49 PM (IST)
Updated Date: Wed, 22 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪ੍ਰਦੇਸੀ ਫਾਊਂਡੇਸ਼ਨ ਮੋਗਾ ਵੱਲੋਂ ਮਹਿੰਦਰ ਸਿੰਘ ਸੰਘਾ ‘ਪ੍ਰਦੇਸੀ ਸਾਹਬ’ ਦੀ ਮਿੱਠੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਪਿੰਡ ਗਿੱਦੜਵਿੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਸਾਰੇ ਵਿਸ਼ਿਆਂ ਦੀਆਂ ਕਾਪੀਆਂ ਦਿੱਤੀਆਂ ਗਈਆਂ। ਪ੍ਰੰਬਧਕਾਂ ਨੇ ਦੱਸਿਆ ਕਿ ਪੰਜਵੀਂ ਤੇ ਚੌਥੀ ਜਮਾਤ ਲਈ ਪੰਜ, ਤੀਜੀ ਦੂਜੀ ਤੇ ਪਹਿਲੀ ਜਮਾਤ ਲਈ ਤਿੰਨ ਤਿੰਨ ਅਤੇ ਨਰਸਰੀ ਲਈ ਥਰੀ ਇਨ ਵਨ ਕਾਪੀਆਂ ਦਿੱਤੀਆਂ ਗਈਆਂ। ਜੋ ਬੱਚੇ ਸਕੂਲ ਨਹੀਂ ਆਏ ਜਾਂ ਬਾਅਦ ’ਚ ਦਾਖ਼ਲ ਹੋਣਗੇ। ਉਨ੍ਹਾਂ ਦੀਆਂ ਕਾਪੀਆਂ ਦੇ ਬੰਡਲ ਸਕੂਲ ਸਟਾਫ਼ ਨੂੰ ਦੇ ਦਿੱਤੇ ਗਏ ਹਨ। ਉਹ ਸਕੂਲ ਅਧਿਆਪਕਾਂ ਤੋਂ ਆਪਣੀਆਂ ਕਾਪੀਆਂ ਲੈ ਸਕਣਗੇ। ਸਕੂਲ ਵਿਚ ਹੁਣ ਤੱਕ ਇਕ ਸੌ ਅਠਾਰਾਂ ਬੱਚੇ ਦਾਖ਼ਲ ਹੋ ਚੁੱਕੇ ਹਨ। ਪ੍ਰਦੇਸੀ ਫਾਊਂਡੇਸ਼ਨ ਦੇ ਪ੍ਰਧਾਨ ਨਵਤੇਜ ਸਿੰਘ ਸੰਘਾ ਨੇ ਦੱਸਿਆ ਕਿ ਇਸ ਸਕੂਲ ਦੇ ਸਾਰੇ ਬੱਚਿਆਂ ਦੇ ਨਾਲ-ਨਾਲ ਹੋਰ ਲੋੜਵੰਦ ਬੱਚਿਆਂ ਨੂੰ ਵੀ ਕਾਪੀਆਂ ਦਿੱਤੀਆਂ ਜਾਂਦੀਆਂ ਹਨ। ਇਕ ਮੁਫ਼ਤ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ। ਕੁੱਝ ਬੱਚਿਆਂ ਦੀ ਪੜ੍ਹਾਈ ’ਚ ਵੀ ਮਦਦ ਕੀਤੀ ਜਾਂਦੀ ਹੈ। ਇਸ ਸਮੇਂ ਫਾਊਂਡੇਸ਼ਨ ਦੇ ਸਰਪ੍ਰਸਤ ਮਾਤਾ ਸੁਰਜੀਤ ਕੌਰ, ਕਮਲਜੀਤ ਕੌਰ, ਫਤਿਹਜੀਤ ਸਿੰਘ ਸੰਘਾ, ਬਿੰਦਰ ਸਿੰਘ ਮੀਨ, ਰਜਿੰਦਰਪਾਲ ਸਿੰਘ, ਜਸਵੰਤ ਸਿੰਘ, ਦਵਿੰਦਰਪਾਲ ਸਿੰਘ, ਰਿੰਪਲ ਸੰਘਾ, ਸ਼ੁਭਦੀਪ ਸਿੰਘ, ਚਰਨਜੀਤ ਕੌਰ, ਕੁਲਦੀਪ ਕੌਰ ਸਾਰੇ ਫਾਊਂਡੇਸ਼ਨ ਮੈਂਬਰ ਅਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ। ਅਖ਼ੀਰ ਵਿਚ ਹੈੱਡ ਟੀਚਰ ਨੇ ਪ੍ਰਦੇਸੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਜੋ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਬੱਚਿਆਂ ਨੂੰ ਸਾਰੀ ਸਟੇਸ਼ਨਰੀ ਦੇ ਰਹੇ ਹਨ ਅਤੇ ਇਕ ਵਾਰ ਸਟੇਸ਼ਨਰੀ ਦੇ ਨਾਲ ਸਕੂਲ ਬੈਗ ਅਤੇ ਸਰਦੀਆਂ ’ਚ ਗਰਮ ਜੁਰਾਬਾਂ ਵੀ ਦੇ ਕੇ ਗਏ ਸਨ। ਅੰਤ ਵਿਚ ਸਕੂਲ ਸਟਾਫ਼ ਵੱਲੋਂ ਸਾਰੇ ਮਹਿਮਾਨਾਂ ਨੂੰ ਚਾਹ ਪਾਣੀ ਪਿਆਇਆ ਗਿਆ।