ਹਾਈਕੋਰਟ ਦੇ ਫੈਸਲੇ ਦਾ ਕਾਂਗਰਸ ਪਾਰਟੀ ਵੱਲੋਂ ਸਵਾਗਤ
ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਹ
Publish Date: Tue, 13 Jan 2026 06:54 PM (IST)
Updated Date: Wed, 14 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਮਲਵਿਕਾ ਸੂਦ ਦੇ ਦਫ਼ਤਰ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਂਗਰਸ ਪਾਰਟੀ ਅਤੇ ਕੌਂਸਲਰਾਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੇਅਰ ਚੋਣ ਸੰਬੰਧੀ ਦਿੱਤੇ ਗਏ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਮੋਗਾ ਨਿਵਾਸੀਆਂ ਨਾਲ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮੇਅਰ ਦੀ ਚੋਣ ਨਾ ਕਰਵਾ ਕੇ ਵੱਡਾ ਧੋਖਾ ਕੀਤਾ ਗਿਆ। ਕਾਨੂੰਨ ਮੁਤਾਬਕ ਮੇਅਰ ਦੇ ਅਸਤੀਫੇ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਚੋਣ ਕਰਵਾਉਣੀ ਲਾਜ਼ਮੀ ਸੀ ਪਰ ਸਰਕਾਰ ਨੇ ਜਾਣਬੁੱਝ ਕੇ ਇਸ ਮਾਮਲੇ ਨੂੰ ਲਟਕਾਇਆ। ਇਸ ਦੇ ਵਿਰੋਧ ਵਿਚ ਕਾਂਗਰਸ ਦੇ ਨੌਂ ਕੌਂਸਲਰਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਮੋਗਾ ਨੂੰ ਅਰਜ਼ੀਆਂ ਦਿੱਤੀਆਂ ਗਈਆਂ ਪਰ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਮਜਬੂਰਨ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਮੋਗਾ ਨਿਵਾਸੀਆਂ ਦੀ ਆਵਾਜ਼ ਨੂੰ ਸਮਝਦੇ ਹੋਏ 31 ਜਨਵਰੀ ਤੋਂ ਪਹਿਲਾਂ ਮੇਅਰ ਦੀ ਚੋਣ ਕਰਵਾਉਣ ਦੇ ਹੁਕਮ ਜਾਰੀ ਕਰਕੇ ਇਨਸਾਫ਼ ਦਿੱਤਾ ਹੈ। ਇਹ ਫੈਸਲਾ ਲੋਕਤੰਤਰ ਦੀ ਜਿੱਤ ਹੈ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦਾ ਹੈ। ਇਸ ਮੌਕੇ ਮਨਜੀਤ ਸਿੰਘ ਮਾਨ, ਵਿਨੋਦ ਬਾਂਸਲ ਨੇ ਕਿਹਾ ਕਿ ਮੋਗਾ ਸ਼ਹਿਰ ਦੇ ਵਿਕਾਸ ਲਈ ਇਕ ਸਥਿਰ ਅਤੇ ਲੋਕਾਂ ਦੇ ਵਿਸ਼ਵਾਸ ਵਾਲਾ ਮੇਅਰ ਬਹੁਤ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਸੱਤਾ ਅਤੇ ਪੈਸੇ ਦੇ ਲਾਲਚ ਵਿਚ ਲੋਕਤੰਤਰਿਕ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਾਰਡਬੰਦੀ (ਡੀਲਿਮਿਟੇਸ਼ਨ) ਦੇ ਮਾਮਲੇ ਵਿੱਚ ਵੀ ਬੇਨਿਯਮੀਆਂ ਹੋਈਆਂ ਹਨ, ਜਿਸ ਖ਼ਿਲਾਫ਼ ਕਾਂਗਰਸ ਦੇ ਕੌਂਸਲਰਾਂ ਵੱਲੋਂ ਹਾਈਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 14 ਤਰੀਕ ਨੂੰ ਹੋਵੇਗੀ। ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਮੋਗਾ ਨਿਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦੀ ਰਹੇਗੀ ਅਤੇ ਜੇ ਲੋੜ ਪਈ ਤਾਂ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਉਨ੍ਹਾਂ ਮੋਗਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਇਕੱਠੇ ਰਹਿਣ ਅਤੇ ਆਉਣ ਵਾਲੀ ਮੇਅਰ ਚੋਣ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ। ਇਸ ਮੌਕੇ ਸਾਬਕਾ ਵਿਧਾਇਕ ਵਿਜੇ ਸਾਥੀ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਇੰਦਰਜੀਤ ਸਿੰਘ ਬੀੜ ਚੜਿਕ, ਕੌਂਸਲਰ ਸਾਹਿਲ ਅਰੋੜਾ ਕੌਂਸਲਰ ਜਸਪ੍ਰੀਤ ਸਿੰਘ ਵਿੱਕੀ ਕੌਂਸਲਰ ਮਨਜੀਤ ਸਿੰਘ ਮਾਨ ਮੋਹਿਤ ਸੂਦ, ਅਮਰਜੀਤ ਸਿੰਘ ਅੰਬੀ, ਪੀਏ ਰਾਜਨ ਬਾਂਸਲ ਸੱਤੀ ਚਾਵਲਾ ਕ੍ਰਿਸ਼ਨ ਕੁਮਾਰ ਸੈਣੀ ਆਦਿ ਹਾਜ਼ਰ ਸਨ।