ਮਨਰੇਗਾ ਦੇ ਨਾਮ ’ਚ ਬਦਲਾਅ ਖ਼ਿਲਾਫ਼ 11 ਜਨਵਰੀ ਨੂੰ ਰੈਲੀ
ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ
Publish Date: Tue, 06 Jan 2026 06:13 PM (IST)
Updated Date: Wed, 07 Jan 2026 04:05 AM (IST)

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ :ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ਦੇ ਨਾਮ ਦੇ ਬਦਲਾਅ ਦੇ ਨਾਲ–ਨਾਲ ਇਸ ਨਾਲ ਜੁੜੇ ਹੋਰ ਅਹੰਕਾਰਪੂਰਨ ਤੱਥਾਂ ਵਿਚ ਕੀਤੇ ਗਏ ਬਦਲਾਅ ਦੇ ਖ਼ਿਲਾਫ਼ ਕਾਂਗਰਸ ਪਾਰਟੀ ਨੇ ਹੁਣ ਸੂਬਾ ਪੱਧਰੀ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ। ਇਸੀ ਲੜੀ ਤਹਿਤ 11 ਜਨਵਰੀ ਨੂੰ ਬਾਘਾਪੁਰਾਣਾ ਵਿਖੇ ਦੁਪਹਿਰ 12 ਵਜੇ ਨਹਿਰੂ ਮੰਡੀ ਵਿਚ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ। ਰੈਲੀ ਦੀਆਂ ਤਿਆਰੀਆਂ ਸਬੰਧੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਸਹਿ ਇੰਚਾਰਜ ਰਵਿੰਦਰਾ ਡਾਲਵੀ ਤੋਂ ਇਲਾਵਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਡਾ ਮਾਲਤੀ ਥਾਪਰ, ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਸਾਬਕਾ ਵਿਧਾਇਕ ਵਿਜੇ ਸਾਥੀ, ਮਨਜੀਤ ਸਿੰਘ ਹੰਭੜਾਂ, ਕੋਆਰਡੀਨੇਟਰ ਹਰਪ੍ਰੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਰਾਜੇਆਣਾ, ਭੋਲਾ ਸਿੰਘ ਸਮਾਧ ਭਾਈ ਅਤੇ ਜਗਸੀਰ ਸਿੰਘ ਕਾਲੇ ਕੇ ਹੁਰਾਂ ਹਾਜ਼ਰ ਰਹੇ। ਆਗੂਆਂ ਨੇ ਵਰਕਰਾਂ, ਪੰਚਾਂ, ਸਰਪੰਚਾਂ, ਮਨਰੇਗਾ ਵਰਕਰਾਂ, ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰੈਲੀ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਨਰੇਗਾ ਦਾ ਸਿਰਫ਼ ਨਾਮ ਹੀ ਨਹੀਂ ਬਦਲਿਆ ਗਿਆ, ਸਗੋਂ ਹੋਰ ਕਈ ਤਬਦੀਲੀਆਂ ਕਰਕੇ ਇਸ ਸਕੀਮ ਦੀ ਅਸਲ ਰੂਹ ਨੂੰ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਮਾਨ, ਪਰਮਪਾਲ ਸਿੰਘ ਤਖਤੂਪੁਰਾ, ਪਰਮਿੰਦਰ ਸਿੰਘ ਡਿੰਪਲ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਸਕੀਮ ਵਿਚ ਕੀਤੇ ਗਏ ਬਦਲਾਅ ਗਰੀਬਾਂ ਦੇ ਚੁੱਲ੍ਹੇ ਠੰਡੇ ਕਰਨ ਵੱਲ ਘਾਤਕ ਕਦਮ ਹਨ ਅਤੇ ਇਸ ਨਾਲ ਸੂਬਿਆਂ ਉੱਤੇ ਵੀ ਵੱਡਾ ਵਿੱਤੀ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿਚ ਸਿਰਫ਼ ਕਾਂਗਰਸ ਹੀ ਨਹੀਂ, ਸਗੋਂ ਹਰ ਗਰੀਬ-ਹਿਤੈਸ਼ੀ ਵਰਕਰ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਅੰਤ ਵਿੱਚ ਸਹਿ ਇੰਚਾਰਜ ਰਵਿੰਦਰਾ ਡਾਲਵੀ ਨੇ 11 ਜਨਵਰੀ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਹਰ ਆਗੂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਖ਼ਤੀ ਨਾਲ ਪਾਬੰਦ ਕੀਤਾ ਅਤੇ ਕਿਹਾ ਕਿ ਇਹ ਰੈਲੀ ਭਾਜਪਾ ਦੀਆਂ ਗਰੀਬ ਵਿਰੋਧੀ ਨੀਤੀਆਂ ਖ਼ਿਲਾਫ਼ ਇਕ ਵੱਡਾ ਸੰਦਰਸ਼ ਦੇਵੇਗੀ।