ਜਿਉਂਦ ਵਿਖੇ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ
ਪਿੰਡ ਜਿਉਂਦ ਵਿਖੇ ਪੁਲਿਸ
Publish Date: Wed, 18 Feb 2026 04:13 PM (IST)
Updated Date: Thu, 19 Feb 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪਿੰਡ ਜਿਉਂਦ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੀਕੇਯੂ ਉਗਰਾਹਾਂ ਜੱਥੇਬੰਦੀ ਦੇ ਕਿਸਾਨਾਂ ਉੱਪਰ ਲਾਠੀਚਾਰਜ, ਪੱਥਰਬਾਜ਼ੀ, ਅੱਥਰੂ ਗੈਸ ਦੇ ਗੋਲੇ ਦਾਗਣ ਅਤੇ ਅੱਤਿਆਚਾਰ ਕਰਨ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾ਼ਫ਼ੂਵਾਲਾ, ਜ਼ਿਲ੍ਹਾ ਜਨਰਲ ਸਕੱਤਰ ਚਮਕੌਰ ਸਿੰਘ ਰੋਡੇਖੁਰਦ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਸਖ਼ਤ ਸ਼ਬਦਾ ਵਿਚ ਨਿੰਦਾ ਕੀਤੀ ਹੈ। ਆਗੂਆਂ ਨੇ ਪ੍ਰੈੱਸ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਆਖਿਆ ਕਿ ਜੋ ਅੱਜ ਪੰਜਾਬ ਸਰਕਾਰ ਦੇ ਇਸ਼ਾਰੇ ਉੱਪਰ ਬਠਿੰਡਾ ਦੇ ਪਿੰਡ ਜਿਉਂਦ ਵਿਖੇ ਬੀਕੇਯੂ ਉਗਰਾਹਾਂ ਜੱਥੇਬੰਦੀ ਦੇ ਕਾਰਕੁਨਾਂ ਵੱਲੋਂ ਜੇਲ੍ਹ ਵਿਚ ਬੰਦ ਪਿੰਡ ਚਾਉਕੇ ਅਤੇ ਪਿੰਡ ਜਿਉਂਦ ਦੇ ਦੋ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਬਠਿੰਡਾ ਡੀਸੀ ਦਫ਼ਤਰ, ਡੀਐੱਸਪੀ ਦਫ਼ਤਰ ਵਿਖੇ ਰੋਸ਼ ਪ੍ਰਦਰਸਨ ਕਰ ਕੇ ਜੇਲ੍ਹ ਵਿਚ ਬੰਦ ਦੋ ਸਾਥੀਆਂ ਦੀ ਰਿਹਾਈ ਲਈ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰੰਤੂ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਵੱਲੋਂ ਸਵੇਰੇ ਤੜਕੇ ਤੋਂ ਹੀ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਠਿੰਡਾ ਨੂੰ ਆਉਂਦੇ ਸਾਰੇ ਰਸਤਿਆਂ ਉੱਪਰ ਭਾਰੀ ਬੈਰੀਕੇਟਿੰਗ ਕੀਤੀ ਗਈ ਤਾਂ ਜੋ ਉਗਰਾਹਾਂ ਜੱਥੇਬੰਦੀ ਦੇ ਕਿਸਾਨ ਬਠਿੰਡਾ ਵਿਖੇ ਨਾ ਪਹੁੰਚ ਸਕਣ। ਉਲੀਕੇ ਗਏ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਜਦ ਪਿੰਡ ਜਿਉਂਦ ਦੇ ਕਿਸਾਨਾਂ ਨੇ ਰਵਾਨਗੀ ਵੱਲ ਕਦਮ ਵਧਾਏ ਤਾਂ ਐੱਸਐੱਸਪੀ ਮੈਡਮ ਜੋਤੀ ਯਾਦਵ ਸ਼ਰਮਾ ਨੇ ਖੁਦ ਕਮਾਨ ਸੰਭਾਲਦਿਆਂ ਕਿਸਾਨਾਂ ਉੱਪਰ ਲਾਠੀਚਾਰਜ, ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਦ ਕਿਸਾਨਾਂ ਨੇ ਅੱਗਿਓਂ ਜਵਾਬ ਵਿਚ ਵਿਰੋਧ ਕੀਤਾ ਤਾਂ ਐੱਸਐੱਸਪੀ ਜੋਤੀ ਯਾਦਵ ਦੇ ਹੁਕਮ ’ਤੇ ਪੁਲਿਸ ਨੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਅੱਤਿਆਚਾਰ ਕਾਰਨ ਇਕ ਕਿਸਾਨ ਦਾ ਹੱਥ ਕੱਟਿਆ ਗਿਆ। ਆਗੂਆਂ ਨੇ ਆਖਿਆ ਕਿ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੇ ਸੰਘਰਸ਼ਾਂ ਨੂੰ ਕੁਚਲਣਾ ਚਾਹੁੰਦੀ ਹੈ ਪਿਛਲੇ ਦਿਨੀਂ ਵੀ ਬੀਕੇਯੂ ਉਗਰਾਹਾਂ ਜੱਥੇਬੰਦੀ ਉੱਪਰ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਰ ਬਾਰ ਭੱਜ ਰਹੀ ਹੈ ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ, ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਉੱਪਰ ਅੱਤਿਆਚਾਰ ਕਰ ਰਹੀ ਹੈ ਜਿਸ ਦੀ ਕਿਰਤੀ ਕਿਸਾਨ ਯੂਨੀਅਨ ਮੋਗਾ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੀ ਹੈ ਅਤੇ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਹਰੇਕ ਵਰਗ ਨਾਲ ਟੇਬਲ ਟਾਕ ’ਤੇ ਗੱਲਬਾਤ ਕਰੇ ਅਤੇ ਆਪਣਾ ਤਾਨਾਸ਼ਾਹੀ ਰੱਵਈਆ ਅਪਣਾਉਣਾ ਬੰਦ ਕਰੇ।