ਦਸਮੇਸ਼ ਸਕੂਲ ਦੇ ਬੱਚਿਆਂ ਨੇ ਜੰਗ ਵਿਰੁੱਧ ਆਵਾਜ਼ ਉਠਾਈ
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ
Publish Date: Mon, 16 Mar 2026 03:47 PM (IST)
Updated Date: Tue, 17 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਥੋਪੀ ਗਈ ਜੰਗ ਨਾਲ ਸਮੁੱਚੀ ਦੁਨੀਆਂ ਪ੍ਰਭਾਵਿਤ ਹੋ ਰਹੀ ਹੈ। ਇਸ ਜੰਗ ਵਿਚ ਨਿਰਦੋਸ਼ ਬੱਚੇ, ਅਧਿਆਪਕ ਅਤੇ ਆਮ ਲੋਕ ਮਾਰੇ ਜਾ ਰਹੇ ਹਨ। ਇਸ ਦੁਖ਼ਦਾਈ ਵਰਤਾਰੇ ਨੇ ਨੰਨ੍ਹੇ ਬੱਚਿਆਂ ਸਮੇਤ ਹਰ ਇਨਸਾਨ ਦੀ ਸੰਵੇਦਨਾਂ ਨੂੰ ਝਿੰਜੋੜਿਆ ਹੈ। ਇਸੇ ਪ੍ਰਸੰਗ ਵਿਚ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਪ੍ਰੀ ਪ੍ਰਾਇਮਰੀ ਵਿੰਗ ਦੇ ਛੋਟੇ ਛੋਟੇ ਬੱਚਿਆਂ ਨੇ ਜੰਗ ਵਿਰੁੱਧ ਅਤੇ ਸ਼ਾਂਤੀ ਬਹਾਲੀ ਦੀ ਮੰਗ ਬਾਰੇ ਲਿਖੇ ਮਾਟੋ ਵਾਲੇ ਪੇਪਰ ਆਪਣੇ ਹੱਥਾਂ ਵਿਚ ਫੜ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਆਪਣੇ ਮਾਸੂਮ ਚਿਹਰਿਆਂ ਅਤੇ ਹਾਵ ਭਾਵਾਂ ਨਾਲ ਬੱਚਿਆਂ ਨੇ ਜੰਗ ਦੀ ਕਰੂਰਤਾ ਕਾਰਨ ਇਸ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਇਸ ਸਮੇਂ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਜੰਗ ਦਾ ਸੇਕ ਸਮੁੱਚੀ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਿਆ ਹੈ। ਸਾਮਰਾਜੀਆਂ ਦੀਆਂ ਲਾਲਸਾਵਾਂ ਮਨੁੱਖਤਾ ਦਾ ਘਾਣ ਕਰ ਰਹੀਆਂ ਹਨ। ਸਕੂਲ ਪ੍ਰਬੰਧਕ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਚੇਤਨ ਇਨਸਾਨ ਨੂੰ ਜੰਗ ਵਰਗੇ ਗੈਰ ਮਾਨਵੀ ਵਰਤਾਰੇ ਦਾ ਡਟਵਾਂ ਵਿਰੋਧ ਕਰਨਾ ਹੀ ਇਨਸਾਨੀਅਤ ਹੈ। ਦੁਨੀਆਂ ਦੇ ਕੋਨੇ ਕੋਨੇ ’ਚੋਂ ਉੱਠੀ ਆਵਾਜ਼ ਹੀ ਜੰਗਬਾਜ਼ਾਂ ਦੇ ਮਨਸੂਬਿਆਂ ਨੂੰ ਠੱਲ੍ਹ ਪਾ ਸਕਦੀ ਹੈ। ਇਸ ਸਮੇਂ ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ, ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਸਮੇਤ ਸਕੂਲ ਦੇ ਸਾਰੇ ਸਟਾਫ਼ ਨੇ ਨੰਨ੍ਹਿਆਂ ਦੀ ਦਾਦ ਦਿੰਦਿਆਂ ਵਿਸ਼ਵ ਭਰ ਦੇ ਭਾਈਚਾਰੇ ਨੂੰ ਜੰਗਬਾਜ਼ਾਂ ਦੇ ਕਾਲੇ ਮਨਸੂਬਿਆਂ ਵਿਰੁੱਧ ਇਕਜੁਟ ਹੋਣ ਦਾ ਸੱਦਾ ਦਿੱਤਾ।