ਬਦਲਾਅ ਰੈਲੀ ਪੰਜਾਬ ’ਚ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ : ਸੰਧੂ
ਗ਼ਦਰੀ ਬਾਬਿਆਂ ਦੀ ਪਵਿੱਤਰ
Publish Date: Sun, 15 Mar 2026 05:03 PM (IST)
Updated Date: Mon, 16 Mar 2026 04:07 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ: ਗ਼ਦਰੀ ਬਾਬਿਆਂ ਦੀ ਪਵਿੱਤਰ ਧਰਤੀ ਮੋਗਾ ਵਿਖੇ ਹੋਈ ਬਦਲਾਅ ਰੈਲੀ ਸਿਰਫ਼ ਇਕ ਰਾਜਨੀਤਿਕ ਇਕੱਠ ਨਹੀਂ ਸੀ ਸਗੋਂ ਇਹ ਪੰਜਾਬ ਦੇ ਭਵਿੱਖ ਲਈ ਨਵੇਂ ਸੰਕਲਪ ਦੀ ਗੂੰਜ ਵਜੋਂ ਸਾਹਮਣੇ ਆਈ ਹੈ। ਇਹ ਗੱਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਜਾਗਰਣ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਅਸਲ ਬਦਲਾਅ ਲਿਆਉਣ ਦੇ ਕੀਤੇ ਗਏ ਵਾਅਦੇ ਅਤੇ ਦ੍ਰਿੜ੍ਹ ਇਰਾਦੇ ਨੇ ਲੋਕਾਂ ਵਿਚ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਮੋਗਾ ਦੀ ਇਤਿਹਾਸਕ ਧਰਤੀ ਨੇ ਹਮੇਸ਼ਾ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ ਹੈ। ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨਾਲ ਪਵਿੱਤਰ ਹੋਈ ਇਸ ਧਰਤੀ ਤੋਂ ਉਠੀ ਆਵਾਜ਼ ਇਕ ਵਾਰ ਫਿਰ ਪੰਜਾਬ ਦੇ ਨਵੇਂ ਭਵਿੱਖ ਦੀ ਨੀਂਹ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਤਰੱਕੀ, ਸਥਿਰਤਾ ਅਤੇ ਸੁਚੱਜੇ ਪ੍ਰਸ਼ਾਸਨ ਦੀ ਦਿਸ਼ਾ ਵਿਚ ਅੱਗੇ ਵੱਧਣਾ ਚਾਹੁੰਦੇ ਹਨ। ਕੇਂਦਰ ਸਰਕਾਰ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਰਾਹੀਂ ਪੰਜਾਬ ਨੂੰ ਮੁੜ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਜਵਾਨੀ ਵਿਚ ਬੇਹੱਦ ਸਮਰੱਥਾ ਮੌਜੂਦ ਹੈ ਅਤੇ ਜੇ ਉਨ੍ਹਾਂ ਨੂੰ ਸਹੀ ਮੌਕੇ ਅਤੇ ਸਹੀ ਦਿਸ਼ਾ ਮਿਲੇ ਤਾਂ ਉਹ ਸੂਬੇ ਨੂੰ ਤਰੱਕੀ ਦੇ ਨਵੇਂ ਮਕਾਮਾਂ ਤੱਕ ਲੈ ਜਾ ਸਕਦੇ ਹਨ। ਇਸ ਲਈ ਸਿੱਖਿਆ, ਉਦਯੋਗ ਅਤੇ ਰੁਜ਼ਗਾਰ ਦੇ ਖੇਤਰ ਵਿਚ ਵੱਡੇ ਪੱਧਰ ’ਤੇ ਨੀਤੀਆਂ ਅਤੇ ਕਦਮ ਚੁੱਕਣ ਦੀ ਲੋੜ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਮੋਗਾ ਤੋਂ ਸ਼ੁਰੂ ਹੋਇਆ ਇਹ ਸੰਕਲਪ ਹੁਣ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇਗਾ। “ਬਦਲਾਅ ਰੈਲੀ” ਰਾਹੀਂ ਲੋਕਾਂ ਵਿਚ ਜੋ ਉਤਸ਼ਾਹ ਅਤੇ ਵਿਸ਼ਵਾਸ ਦੇਖਣ ਨੂੰ ਮਿਲਿਆ ਹੈ, ਉਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੇ ਲੋਕ ਵਿਕਾਸ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਤਿਆਰ ਹਨ। ਅਖੀਰ ’ਚ ਉਨ੍ਹਾਂ ਕਿਹਾ ਕਿ ਮੋਗਾ ਦੀ ਧਰਤੀ ਤੋਂ ਉਠੀ ਇਹ ਗੂੰਜ ਸਿਰਫ਼ ਇਕ ਰੈਲੀ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਇਹ ਪੰਜਾਬ ਵਿਚ ਸੁਚੱਜੇ ਪ੍ਰਬੰਧ, ਮਜ਼ਬੂਤ ਕਿਸਾਨੀ ਅਤੇ ਖੁਸ਼ਹਾਲ ਸਮਾਜ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਸਾਬਤ ਹੋਵੇਗੀ।