ਖ਼ਾਲਸਾ ਸਕੂਲ ਤਖ਼ਤੂਪੁਰਾ ’ਚ ਟੀਐੱਲਐੱਮ ਲੈਬ ਸਥਾਪਿਤ
ਗੁਰੂ ਨਾਨਕ ਖ਼ਾਲਸਾ ਸੀਨੀ: ਸੈਕੰ:
Publish Date: Thu, 19 Mar 2026 04:33 PM (IST)
Updated Date: Fri, 20 Mar 2026 04:04 AM (IST)

ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਪੁਰਾਣੀ ਨਾਮੀ ਸਿੱਖਿਆ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਵਿਖੇ ਬਹੁਤ ਹੀ ਸ਼ਾਨਦਾਰ ਟੀਐੱਲਐੱਮ ਲੈਬ ਸਥਾਪਿਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸੰਦੀਪ ਸਿੰਘ ਵੋਹਰਾ ਨੇ ਕਿਹਾ ਕਿ ਬੱਚਿਆਂ ਨੂੰ ਐਕਟੀਵਿਟੀਜ ਅਧਾਰਿਤ ਸਿੱਖਿਆ ਦੇਣ ਲਈ ਇਹ ਵੱਡਾ ਉੱਦਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਵਿੱਦਿਅਕ ਸਕੱਤਰ ਸੁਖਮੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਮੈਡਮ ਸਤਵੰਤ ਕੌਰ ਦੀ ਸੁਚੱਜੀ ਰਹਿਨੁਮਾਈ ਹੇਠ ਇਹ ਅਦਾਰਾ ਸਿੱਖ਼ਿਆ ਦੇ ਖ਼ੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਸਾਡਾ ਮਿਸ਼ਨ ਸਿੱਖ਼ਿਆ ਨੂੰ ਬੇਹੱਦ ਰੌਚਿਕ ਅਤੇ ਦਿਲਚਸਪ ਬਣਾਉਣਾ ਹੈ ਤਾਂ ਕਿ ਬੱਚੇ ਖੁਸ਼ੀ ਨਾਲ ਪੜ੍ਹਾਈ ਕਰਕੇ ਚੰਗੀਆਂ ਪ੍ਰਾਪਤੀਆਂ ਕਰਨ ਦੇ ਸਮਰੱਥ ਬਣ ਸਕਣ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸੰਸਥਾ ਵੱਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਦਿਲਕਸ਼ ਕਲਾਸ ਰੂਮ ਤਿਆਰ ਕੀਤੇ ਗਏ ਹਨ। ਲਾਇਬਰੇਰੀ ਦੀ ਕਾਇਆ ਕਲਪ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਅੰਦਰ ਸਾਹਿਤਕ ਅਤੇ ਪਾਠਕ੍ਰਮ ਨਾਲ ਸਬੰਧਤ ਪੁਸਤਕਾਂ ਪ੍ਰਤੀ ਹੋਰ ਖਿੱਚ ਪੈਦਾ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਸਿੱਖਿਆ ਦੇ ਨਾਲੋਂ-ਨਾਲ ਧਾਰਮਿਕ ਗਤੀਵਿਧੀਆਂ, ਖੇਡਾਂ ਅਤੇ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਹੋਰ ਵੀ ਬੁਲੰਦੀਆਂ ’ਤੇ ਲਿਜਾਣ ਦੀ ਰੂਪ ਰੇਖਾ ਉਲੀਕੀ ਗਈ ਹੈ। ਧਾਰਮਿਕ ਅਧਿਆਪਕ ਭਾਈ ਦਵਿੰਦਰਦੁਆਰ ਸਿੰਘ ਖ਼ਾਲਸਾ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਰਾਹੀਂ ਪਿਛਲੇ ਸਾਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ।