ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਗੁਰੂਘਰ ਨਤਮਸਤਕ
ਮਾਲਵਾ ਖੇਤਰ ਦੇ ਪ੍ਰਸਿੱਧ
Publish Date: Mon, 20 Apr 2026 03:41 PM (IST)
Updated Date: Tue, 21 Apr 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਮਾਲਵਾ ਖੇਤਰ ਦੇ ਪ੍ਰਸਿੱਧ, ਇਤਿਹਾਸਕ ਅਤੇ ਆਧਿਆਤਮਿਕ ਮਹੱਤਤਾ ਵਾਲੇ ਧਾਰਮਿਕ ਕੇਂਦਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣਾ ਵਿਖੇ ਹਰ ਰੋਜ਼ ਦੂਰ-ਦੂਰ ਤੋਂ ਆਉਣ ਵਾਲੀਆਂ ਸੰਗਤਾਂ ਦੀ ਵੱਡੀ ਭੀੜ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰਦੀ ਹੈ। ਇਹ ਪਵਿੱਤਰ ਅਸਥਾਨ ਸਿਰਫ਼ ਮਾਲਵਾ ਹੀ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ, ਜਿੱਥੇ ਆਉਣ ਵਾਲੇ ਹਰ ਸ਼ਰਧਾਲੂ ਨੂੰ ਆਤਮਿਕ ਸਕੂਨ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਧਾਰਮਿਕ ਅਸਥਾਨ ਦੀ ਮਹੱਤਤਾ ਅਤੇ ਵਿਸ਼ਵਾਸ ਦੇ ਚਲਦਿਆਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਸਮੇਂ-ਸਮੇਂ ’ਤੇ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਇਸੇ ਕੜੀ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਸਾਹਿਬ ਪਹੁੰਚੇ। ਉਨ੍ਹਾਂ ਨੇ ਗੁਰੂ ਘਰ ਵਿਚ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਅਤੇ ਸੰਗਤਾਂ ਨਾਲ ਮਿਲ ਕੇ ਅਰਦਾਸ ਵਿਚ ਭਾਗ ਲਿਆ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਅਤੇ ਧਾਰਮਿਕ ਵਿਰਾਸਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਪਵਿੱਤਰ ਅਸਥਾਨ ’ਤੇ ਪਹੁੰਚ ਕੇ ਉਨ੍ਹਾਂ ਨੂੰ ਅੰਦਰੂਨੀ ਖੁਸ਼ੀ, ਸੰਤੋਖ ਅਤੇ ਆਤਮਿਕ ਸ਼ਾਂਤੀ ਦਾ ਵਿਲੱਖਣ ਅਨੁਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਕੇਂਦਰ ਮਨੁੱਖ ਨੂੰ ਆਪਣੇ ਅਸਲ ਮੂਲਾਂ ਨਾਲ ਜੋੜਦੇ ਹਨ ਅਤੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਹਨ। ਮੰਤਰੀ ਖੁੱਡੀਆਂ ਨੇ ਗੁਰਦੁਆਰਾ ਸਾਹਿਬ ਵਿਚ ਸਥਾਪਿਤ ਅਜਾਇਬ ਘਰ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ ਅਤੇ ਗੁਰਦੁਆਰਾ ਸਾਹਿਬ ਨਾਲ ਜੁੜੇ ਬਿਰਧ ਆਸ਼ਰਮ ਦੀ ਵੀ ਖੂਬ ਪ੍ਰਸ਼ੰਸਾ ਕੀਤੀ। ਗੁਰਦੁਆਰਾ ਸਾਹਿਬ ਪਹੁੰਚਣ ’ਤੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਸਿਰੋਪਾਉ ਭੇਟ ਕੀਤਾ ਗਿਆ। ਇਸ ਦੌਰਾਨ ਮੰਤਰੀ ਖੁੱਡੀਆਂ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਧਾਰਮਿਕ ਪ੍ਰਚਾਰ ਅਤੇ ਸਮਾਜਿਕ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਅਜਮੇਰ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਚਮਕੌਰ ਸਿੰਘ ਚੰਦ ਪੁਰਾਣਾ, ਦਲੇਰ ਸਿੰਘ, ਰਾਜਵਿੰਦਰ ਸਿੰਘ ਸੁਲਹਾਣੀ, ਭਾਈ ਇਕਬਾਲ ਸਿੰਘ ਲੰਗਿਆਣਾ, ਨੈਬ ਸਿੰਘ ਬਹੋਨਾ, ਏਐਸਆਈ ਧਲਵਿੰਦਰ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ।