ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਸਨਮਾਨ
ਮਾਲਵਾ ਖੇਤਰ ਦੇ ਪ੍ਰਸਿੱਧ, ਇਤਿਹਾਸਕ
Publish Date: Thu, 23 Apr 2026 04:36 PM (IST)
Updated Date: Thu, 23 Apr 2026 04:40 PM (IST)

ਵਕੀਲ ਮਹਿਰੋਂ 0 ਪੰਜਾਬੀ ਜਾਗਰਣ ਮੋਗਾ : ਮਾਲਵਾ ਖੇਤਰ ਦੇ ਪ੍ਰਸਿੱਧ, ਇਤਿਹਾਸਕ ਅਤੇ ਆਧਿਆਤਮਕ ਮਹੱਤਤਾ ਵਾਲੇ ਧਾਰਮਿਕ ਕੇਂਦਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣਾ ਵਿਖੇ ਹਰ ਰੋਜ਼ ਦੂਰੋਂ-ਦੂਰੋਂ ਆਉਣ ਵਾਲੀ ਸੰਗਤ ਦੀ ਵੱਡੀ ਭੀੜ ਦਰਸ਼ਨ ਕਰ ਕੇ ਆਸ਼ੀਰਵਾਦ ਪ੍ਰਾਪਤ ਕਰਦੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਸਾਹਿਬ ਪਹੁੰਚੇ। ਉਨ੍ਹਾਂ ਗੁਰੂ ਘਰ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਸੰਗਤ ਨਾਲ ਮਿਲ ਕੇ ਅਰਦਾਸ ਵਿਚ ਭਾਗ ਲਿਆ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਅਤੇ ਧਾਰਮਿਕ ਵਿਰਾਸਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਪਵਿੱਤਰ ਅਸਥਾਨ ’ਤੇ ਪਹੁੰਚ ਕੇ ਉਨ੍ਹਾਂ ਨੂੰ ਅੰਦਰੂਨੀ ਖੁਸ਼ੀ, ਸੰਤੋਖ ਅਤੇ ਆਤਮਿਕ ਸ਼ਾਂਤੀ ਦਾ ਵਿਲੱਖਣ ਅਨੁਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਕੇਂਦਰ ਮਨੁੱਖ ਨੂੰ ਆਪਣੇ ਅਸਲ ਮੂਲਾਂ ਨਾਲ ਜੋੜਦੇ ਹਨ ਅਤੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਹਨ। ਮੰਤਰੀ ਖੁੱਡੀਆਂ ਨੇ ਗੁਰਦੁਆਰਾ ਸਾਹਿਬ ਵਿਚ ਸਥਾਪਿਤ ਅਜਾਇਬ ਘਰ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ। ਗੁਰਦੁਆਰਾ ਸਾਹਿਬ ਪਹੁੰਚਣ ’ਤੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਇਸ ਦੌਰਾਨ ਮੰਤਰੀ ਖੁੱਡੀਆਂ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਧਾਰਮਿਕ ਪ੍ਰਚਾਰ ਅਤੇ ਸਮਾਜਿਕ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਅਜਮੇਰ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਚਮਕੌਰ ਸਿੰਘ ਚੰਦ ਪੁਰਾਣਾ, ਦਲੇਰ ਸਿੰਘ, ਰਾਜਵਿੰਦਰ ਸਿੰਘ ਸੁਲਹਾਣੀ, ਭਾਈ ਇਕਬਾਲ ਸਿੰਘ ਲੰਗਿਆਣਾ, ਨੈਬ ਸਿੰਘ ਬਹੋਨਾ, ਏਐਸਆਈ ਧਲਵਿੰਦਰ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ।