ਰੁਜ਼ਗਾਰ ਮੰਗਦੇ ਨੌਜਵਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ
ਰੁਜ਼ਗਾਰ ਮੰਗਦੇ ਨੌਜਵਾਨਾਂ ’ਤੇ ਬੇਰਹਿਮੀ
Publish Date: Sun, 07 Jun 2026 03:40 PM (IST)
Updated Date: Mon, 08 Jun 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਰੁਜ਼ਗਾਰ ਮੰਗਦੇ ਨੌਜਵਾਨਾਂ ’ਤੇ ਬੇਰਹਿਮੀ ਨਾਲ ਪੁਲਿਸ ਵੱਲੋਂ ਲਾਠੀਚਾਰਜ ਪੰਜਾਬ ਸਰਕਾਰ ਦੀ ਕਾਇਰਤਾ ਦਾ ਸਬੂਤ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਖਾਈ, ਜ਼ਿਲ੍ਹਾ ਜਰਨਲ ਸਕੱਤਰ ਝਿਰਮਲ ਸਿੰਘ ਰਣੀਆਂ ਅਤੇ ਬਲਾਕ ਨਿਹਾਲ ਸਿੰਘ ਵਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਬਰਾੜ ਖੋਟੇ ਨੇ ਕਰਦੇ ਹੋਏ ਕਿਹਾ ਹੈ ਕਿ ਅੱਜ ਪਟਿਆਲਾ ਦੇ ਬਿਜਲੀ ਬੋਰਡ ਦਫ਼ਤਰ ਅੱਗੇ ਆਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਲਗਾ ਕੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਉੱਪਰ ਪੰਜਾਬ ਪੁਲਿਸ ਵੱਲੋਂ ਵਹਿਸ਼ੀਆਨਾ ਲਾਠੀਚਾਰਜ ਕਰਨ ਦੀ ਕਾਂਗਰਸ ਪਾਰਟੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਰੁਜ਼ਗਾਰ ਮੰਗਦੇ ਨੌਜਵਾਨਾਂ ਨੂੰ ਸਰਕਾਰ ਦਾ ਤੋਹਫ਼ਾ ਡਾਂਗਾਂ ਹਨ। ਜੋ ਨੌਜਵਾਨ ਰੁਜ਼ਗਾਰ ਮੰਗਦੇ ਹਨ, ਉਨ੍ਹਾਂ ਦੇ ਸਿਰ ’ਤੇ ਪੁਲਿਸ ਦੀਆਂ ਲਾਠੀਆਂ ਵਰ੍ਹਾਉਣੀਆਂ ਕਿੱਥੋਂ ਦਾ ਇਨਸਾਫ ਹੈ ? ਇਹ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ। ਅੰਗਰੇਜ਼ ਰਾਜ ਵਾਂਗ ਪੰਜਾਬ ਸਰਕਾਰ ਵੀ ਆਵਾਜ਼ ਨੂੰ ਡਾਂਗ ਨਾਲ ਦਬਾਉਣਾ ਚਾਹੁੰਦੀ ਹੈ। ਕਾਂਗਰਸ ਦੇ ਆਗੂਆਂ ਨੇ ਕਿਹਾ ਕੇ ਰੁਜਗਾਰ ਲੈਣ ਲਈ ਨੌਜਵਾਨ ਜੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਬੈਠ ਗਏ ਤਾਂ ਉਨ੍ਹਾਂ ਦਾ ਕੀ ਕਸੂਰ ? ਸਰਕਾਰ ਨੌਕਰੀਆਂ ਦੇਣ ਦੀ ਥਾਂ ਡਾਂਗਾਂ ਮਾਰ ਰਹੀ ਹੈ। ਪਟਿਆਲਾ ਪੁਲਿਸ ਦਾ ਇਹ ਕਹਿਰ ਭਗਵੰਤ ਮਾਨ ਸਰਕਾਰ ਦੇ ਮੱਥੇ ਤੇ ਕਲੰਕ ਹੈ। ਕੀ ਇਹੀ ਬਦਲਾਅ ਸੀ ਜਿਸਦਾ ਵਾਅਦਾ ਕੀਤਾ ਸੀ? ਉਨ੍ਹਾਂ ਕਿਹਾ ਕੇ ਕਾਂਗਰਸ ਪਾਰਟੀ ਪੰਜਾਬ ਦੇ ਨੌਜਵਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕੇ ਸਰਕਾਰ ਵਰਗਾਂ ਨੂੰ ਵੰਡ ਕੇ ਰਾਜ ਨਹੀਂ ਕਰ ਸਕਦੀ। ਪ੍ਰਧਾਨ ਹਰੀ ਸਿੰਘ ਖਾਈ, ਜਸਵੀਰ ਸਿੰਘ ਬਰਾੜ ਅਤੇ ਝਿਰਮਲ ਸਿੰਘ ਰਣੀਆਂ ਨੇ ਕਿਹਾ ਹੈ ਕਿ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਤੇ 307 ਦਾ ਪਰਚਾ ਦਰਜ ਕੀਤਾ ਜਾਵੇ। ਜ਼ਖਮੀ ਨੌਜਵਾਨਾਂ ਦਾ ਮੁਫ਼ਤ ਇਲਾਜ ਤੇ 5-5 ਲੱਖ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕੇ ਖਾਲੀ ਪਈਆਂ ਸਰਕਾਰੀ ਅਸਾਮੀਆਂ ਤੇ ਪੱਕੀ ਭਰਤੀ ਦਾ ਕੈਲੰਡਰ ਜਾਰੀ ਕੀਤਾ ਜਾਵੇ। ਸ਼ਾਂਤਮਈ ਧਰਨਿਆਂ ਤੇ ਲਾਠੀਚਾਰਜ ਬੰਦ ਕਰਨ ਦਾ ਲਿਖਤੀ ਭਰੋਸਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕੇ ਸਰਕਾਰ ਕੰਨ ਖੋਲ੍ਹ ਕੇ ਸੁਣ ਲਵੇ ਡਾਂਗਾਂ ਨਾਲ ਅੰਦੋਲਨ ਨਹੀਂ ਦੱਬਦੇ, ਭੜਕਦੇ ਹਨ। ਪੰਜਾਬ ਦੀ ਜਵਾਨੀ ਨਾ ਡਰਨ ਵਾਲੀ ਹੈ, ਨਾ ਝੁਕਣ ਵਾਲੀ।