- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਅੰਦਰ ਪੈਂਦੇ ਪਿੰਡ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹੇ ਅੰਦਰ ਪੈਂਦੇ ਪਿੰਡ ਧੱਲੇਕੇ ਵਿਖੇ ਮੋਗਾ ਤੋਂ ਪਿੰਡ ਧੱਲੇਕੇ ਨੂੰ ਜਾਣ ਵਾਲੀ ਮੁੱਖ ਸੜਕ ਲੰਮੇ ਸਮੇਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਸੀ। ਸੜਕ ’ਤੇ ਬੱਜਰੀ ਖਿੱਲਰੀ ਪਈ ਹੋਣ ਕਾਰਨ ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰ ਰਹੇ ਸਨ। ਖ਼ਾਸ ਕਰਕੇ ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਇਹ ਸੜਕ ਖ਼ਤਰੇ ਦਾ ਕਾਰਨ ਬਣ ਚੁੱਕੀ ਸੀ। ਕਈ ਵਾਰ ਮੋਟਰਸਾਈਕਲ ਸਵਾਰ ਫ਼ਿਸਲ ਕੇ ਡਿੱਗਦੇ ਰਹੇ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਸੜਕ ਦੀ ਮਾੜੀ ਹਾਲਤ ਦੇ ਬਾਵਜੂਦ ਸੰਬੰਧਤ ਵਿਭਾਗ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿਚ ਰੋਸ ਵੀ ਵੱਧ ਰਿਹਾ ਸੀ। ਅਜਿਹੇ ਵਿਚ ਪਿੰਡ ਧੱਲੇਕੇ ਦੇ ਜਾਗਰੂਕ ਅਤੇ ਸਮਾਜਸੇਵੀ ਨੌਜਵਾਨਾਂ ਨੇ ਅੱਗੇ ਆ ਕੇ ਲੋਕਾਂ ਦੀ ਸੁਰੱਖਿਆ ਲਈ ਭਲਾ ਕਦਮ ਚੁੱਕਿਆ। ਨੌਜਵਾਨਾਂ ਵੱਲੋਂ ਸੜਕ ’ਤੇ ਖਿੱਲਰੀ ਹੋਈ ਬੱਜਰੀ ਨੂੰ ਇਕੱਠਾ ਕਰਕੇ ਇਕ ਪਾਸੇ ਕੀਤਾ ਗਿਆ ਤਾਂ ਜੋ ਆਵਾਜਾਈ ਦੌਰਾਨ ਹਾਦਸਿਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ। ਨੌਜਵਾਨਾਂ ਦੇ ਇਸ ਉਪਰਾਲੇ ਨਾਲ ਸੜਕ ’ਤੇ ਚੱਲਣ ਵਾਲੇ ਵਾਹਨਾਂ ਨੂੰ ਤੁਰੰਤ ਰਾਹਤ ਮਿਲੀ ਹੈ ਅਤੇ ਲੋਕਾਂ ਨੇ ਵੀ ਕੁੱਝ ਹੱਦ ਤੱਕ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਨੌਜਵਾਨਾਂ ਦੇ ਇਸ ਸਮਾਜਸੇਵੀ ਕੰਮ ਦੀ ਖ਼ੂਬ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਅਜਿਹੇ ਨੌਜਵਾਨ ਪਿੰਡ ਲਈ ਗਰੂਰ ਹਨ। ਇਸ ਮੌਕੇ ਗੱਲਬਾਤ ਕਰਦਿਆਂ ਇਸ ਭਲੇ ਦੇ ਕੰਮ ਵਿਚ ਨੌਜਵਾਨ ਸਭਾ ਧੱਲੇਕੇ ਵੱਲੋਂ ਗਗਨਦੀਪ ਸਿੰਘ ਗੱਗਾ, ਸੁਖਰਾਜ ਸਿੰਘ, ਗੁਰਦੀਪ ਸਿੰਘ ਗੱਗੀ, ਨਵਦੀਪ ਸਿੰਘ ਗਿਆਨੀ, ਮਨਜਿੰਦਰ ਸਿੰਘ ਅਤੇ ਜਗਸੀਰ ਸਿੰਘ ਸਮੇਤ ਹੋਰ ਨੌਜਵਾਨਾਂ ਨੇ ਸਰਗਰਮ ਭੂਮਿਕਾ ਨਿਭਾਈ। ਨੌਜਵਾਨਾਂ ਨੇ ਕਿਹਾ ਕਿ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਜਿਹੇ ਭਲੇ ਦੇ ਕੰਮ ਅੱਗੇ ਵੀ ਜਾਰੀ ਰਹਿਣਗੇ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੀ ਜਲਦ ਤੋਂ ਜਲਦ ਪੱਕੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਵੱਡੇ ਹਾਦਸੇ ਤੋਂ ਪਹਿਲਾਂ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾ ਸਕੇ।
ਨੌਜਵਾਨਾਂ ਦਾ ਕਾਰਜ ਸ਼ਲਾਘਾਯੋਗ : ਗੁਰਪ੍ਰੀਤ ਕੌਰ
ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਕੌਰ ਨੇ ਵੀ ਨੌਜਵਾਨਾਂ ਦੀ ਖੁੱਲ੍ਹ ਕੇ ਤਾਰੀਫ਼ ਕਰਦਿਆਂ ਕਿਹਾ ਕਿ ਪਿੰਡ ਧੱਲੇਕੇ ਦੇ ਨੌਜਵਾਨਾਂ ਨੇ ਬਿਨ੍ਹਾਂ ਕਿਸੇ ਲਾਲਚ ਦੇ ਲੋਕਭਲਾਈ ਲਈ ਜੋ ਕੰਮ ਕੀਤਾ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਪ੍ਰਬੰਧ ਦੇਰੀ ਨਾਲ ਚੱਲਦਾ ਹੈ ਤਦੋਂ ਅਜਿਹੇ ਸਮਾਜਸੇਵੀ ਨੌਜਵਾਨ ਲੋਕਾਂ ਲਈ ਵੱਡਾ ਸਹਾਰਾ ਬਣਦੇ ਹਨ। ਗੁਰਪ੍ਰੀਤ ਕੌਰ ਨੇ ਭਰੋਸਾ ਦਿੱਤਾ ਕਿ ਉਹ ਸਬੰਧਤ ਵਿਭਾਗ ਨਾਲ ਗੱਲ ਕਰਕੇ ਮੋਗਾ ਧੱਲੇਕੇ ਸੜਕ ਦੀ ਪੱਕੀ ਮੁਰੰਮਤ ਲਈ ਜਲਦ ਕੋਸ਼ਿਸ਼ ਕਰਨਗੇ ਤਾਂ ਜੋ ਭਵਿੱਖ ਵਿਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਏ ਪਰ ਅਜਿਹੇ ਨੌਜਵਾਨਾਂ ਵੱਲੋਂ ਲੋਕਾਂ ਦੀ ਜਾਨ ਬਚਾਉਣ ਲਈ ਅੱਗੇ ਆ ਕੇ ਕੰਮ ਕਰਨਾ ਸਮਾਜ ਲਈ ਵੱਡੀ ਮਿਸਾਲ ਹੈ। ਹਰ ਪਿੰਡ ਦੇ ਨੌਜਵਾਨਾਂ ਨੂੰ ਇਹੋ ਜਿਹੇ ਸਲਾਘਾਯੋਗ ਕੰਮ ਕਰਨੇ ਚਾਹੀਦੇ ਹਨ।
ਨੌਜਵਾਨਾਂ ਨੇ ਭਲਾਈ ਦਾ ਕਾਰਜ ਕੀਤਾ : ਹਰਬੰਸ ਸਿੰਘ
ਇਸ ਮੌਕੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਕਿਹਾ ਕਿ ਮੋਗਾ ਧੱਲੇਕੇ ਸੜਕ ਦੀ ਹਾਲਤ ਬਹੁਤ ਮਾੜੀ ਸੀ ਅਤੇ ਹਰ ਰੋਜ਼ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਬੱਜਰੀ ਇਕੱਠੀ ਕਰਕੇ ਜੋ ਭਲਾ ਕੰਮ ਕੀਤਾ ਹੈ ਉਹ ਸ਼ਲਾਘਾ ਦੇ ਯੋਗ ਹੈ। ਜੇਕਰ ਹਰ ਪਿੰਡ ਦੇ ਲੋਕ ਇਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਕਈ ਮੁਸ਼ਕਿਲਾਂ ਆਪ ਹੀ ਹੱਲ ਹੋ ਸਕਦੀਆਂ ਹਨ।
ਨੌਜਵਾਨ ਪਿੰਡਾਂ ਦੀ ਅਸਲ ਤਾਕਤ : ਜਗਰੂਪ ਸਿੰਘ
ਇਸ ਮੌਕੇ ਸਾਬਕਾ ਪੰਚਾਇਤ ਮੈਂਬਰ ਜਗਰੂਪ ਸਿੰਘ ਨੇ ਕਿਹਾ ਕਿ ਟੁੱਟੀਆਂ ਸੜਕਾਂ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀਆਂ ਹਨ ਪਰ ਨੌਜਵਾਨਾਂ ਵੱਲੋਂ ਉਸ ’ਤੇ ਮਿੱਟੀ ਪਾ ਕੇ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਨਾ ਸੱਚੀ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਪਿੰਡਾਂ ਦੀ ਅਸਲ ਤਾਕਤ ਹੁੰਦੇ ਹਨ ਅਤੇ ਇਹੀ ਸੋਚ ਦੇਸ਼ ਨੂੰ ਅੱਗੇ ਲੈ ਕੇ ਜਾਂਦੀ ਹੈ। ਦੁਕਾਨਦਾਰ ਰਮੇਸ਼ ਕੁਮਾਰ ਨੇ ਕਿਹਾ ਕਿ ਸੜਕ ਟੁੱਟੀ ਹੋਣ ਕਾਰਨ ਵਪਾਰੀਆਂ ਅਤੇ ਰਾਹਗੀਰਾਂ ਦੋਵਾਂ ਨੂੰ ਪਰੇਸ਼ਾਨੀ ਆ ਰਹੀ ਸੀ। ਨੌਜਵਾਨਾਂ ਵੱਲੋਂ ਕੀਤੀ ਗਈ ਇਹ ਮਿਹਨਤ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸੜਕਾਂ ਬਣਾਉਣਾ ਸਰਕਾਰ ਦਾ ਕੰਮ ਹੈ ਪਰ ਜਦੋਂ ਤੱਕ ਸਰਕਾਰ ਕੰਮ ਨਹੀਂ ਕਰਦੀ ਤਦੋਂ ਤੱਕ ਅਜਿਹੇ ਭਲੇ ਉਪਰਾਲੇ ਲੋਕਾਂ ਲਈ ਵੱਡੀ ਰਾਹਤ ਬਣਦੇ ਹਨ।
ਸਮੱਸਿਆਵਾਂ ਨੂੰ ਦੇਖ ਕੇ ਲੋਕ ਖੁਦ ਅੱਗੇ ਆਉਣ : ਪ੍ਰਭਜੀਤ ਸਿੰਘ ਕਾਲਾ
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ ਧੱਲੇਕੇ ਨੇ ਕਿਹਾ ਕਿ ਪਿੰਡ ਧੱਲੇਕੇ ਦੇ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੱਚੀ ਦੇਸ਼ ਸੇਵਾ ਵੱਡੇ ਮੰਚਾਂ ਤੋਂ ਨਹੀਂ, ਸਗੋਂ ਛੋਟੇਛੋਟੇ ਕੰਮਾਂ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਟੁੱਟੀਆਂ ਸੜਕਾਂ, ਗੰਦਗੀ ਅਤੇ ਹੋਰ ਸਮੱਸਿਆਵਾਂ ਨੂੰ ਦੇਖ ਕੇ ਖੁਦ ਅੱਗੇ ਆਉਣ ਅਤੇ ਅਜਿਹੇ ਸਲਾਘਾਯੋਗ ਕੰਮ ਕਰਨ।