ਵਿਧਾਨ ਸਭਾ ਹਲਕਾ ਮੋਗਾ ਦੇ ਬੂਥ 96 ਤੋਂ 99 ਤਬਦੀਲ
ਵਿਧਾਨ ਸਭਾ ਹਲਕਾ ਮੋਗਾ
Publish Date: Sun, 07 Jun 2026 04:34 PM (IST)
Updated Date: Mon, 08 Jun 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਵਿਧਾਨ ਸਭਾ ਹਲਕਾ ਮੋਗਾ ਦੇ ਬੂਥ ਨੰਬਰ 96 ਤੋਂ 99 ਦਾ ਸਥਾਨ ਬਦਲੀ ਕਰਕੇ ਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਰੋਡ ’ਤੇ ਬਲੂਮਿੰਗ ਬਰਡਜ਼ ਸਕੂਲ ਕਰ ਦਿੱਤਾ ਹੈ ਜੋ ਪਹਿਲਾਂ ਆਦਰਸ਼ ਸਕੂਲ ਜੀਟੀ ਰੋਡ ਵਿਚ ਹੁੰਦੇ ਸਨ, ਉਹ ਸਕੂਲ ਮਾਲਕਾਂ ਨੇ ਵੇਚ ਦਿੱਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਲ਼ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਦਲੇ ਪੋਲਿੰਗ ਬੂਥਾਂ ਸਬੰਧੀ ਵੋਟਰਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਬਲੂਮਿੰਗ ਬਰਡਜ਼ ਸਕੂਲ ਵਿਚ ਪੋਲਿੰਗ ਬੂਥ 96 ਦੇ ਬੀਐੱਲਓ ਹਰਜੀਤ ਸਿੰਘ ਵਾਰਡ ਨੰਬਰ 47, ਪੋਲਿੰਗ ਬੂਥ 97 ਦੇ ਬੀਐੱਲਓ ਸੰਦੀਪ ਸਿੰਘ ਵਾਰਡ ਨੰਬਰ 3, ਬੂਥ ਨੰਬਰ 98 ਦੇ ਬੀਐੱਲਓ ਵਾਸ ਮਸੀਹ ਵਾਰਡ ਨੰਬਰ 47 ਅਤੇ ਪੋਲਿੰਗ ਬੂਥ ਨੰਬਰ 99 ਦੇ ਬੀਐੱਲਓ ਪਲਵਿੰਦਰ ਸਿੰਘ ਵਾਰਡ ਨੰਬਰ 3 ਵੋਟਰ ਸੂਚੀਆਂ ਦੀ ਪੜ੍ਹਤਾਲ ਲਈ ਹਾਜ਼ਰ ਸਨ। ਇੱਥੇ ਵਰਨਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪ੍ਰੀ ਐੱਸਆਈਆਰ ਦਾ ਕੰਮ ਜਾਰੀ ਕਰਨ ਤੋਂ ਪਹਿਲਾਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਉਦੇਸ਼ ਅਨੁਸਾਰ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਅਤੇ ਅਯੋਗ ਵੋਟਰਾਂ ਨੂੰ ਸੂਚੀ ’ਚੋਂ ਬਾਹਰ ਕਰਨਾ ਹੈ। ਪੰਜਾਬ ਰਾਜ ਵਿਚ 2003 ਦੀ ਵੋਟਰ ਸੂਚੀ ਦੇ ਮੌਜੂਦਾ ਵੋਟਰਾਂ ਦੀ ਮੈਪਿੰਗ ਲਈ ਪ੍ਰੀ-ਐੱਸਆਈਆਰ ਪ੍ਰੋਗਰਾਮ ਚੱਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਵੋਟਰਾਂ ਦੀ ਮੈਪਿੰਗ ਫ਼ੀਸਦ ਵਧਾਉਣ ਲਈ ਅੱਜ ਐਤਵਾਰ ਨੁੰ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਗਏ ਹਨ, ਜਿੱਥੇ ਸਬੰਧਿਤ ਬੀਐੱਲਓ ਹਾਜ਼ਰ ਰਹਿ ਕੇ ਮੈਪਿੰਗ ਪ੍ਰਤੀਸ਼ਤਤਾ ਵਧਾਉਣ ਲਈ ਯਤਨਸ਼ੀਲ ਰਹੇ। ਇਸ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਜ਼ਿਲ੍ਹੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਸੀ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ 7 ਜੂਨ ਦੇ ਕੈਂਪਾਂ ਵਿਚ ਆਪਣੇ ਬੀਐੱਲਏ ਦੁਆਰਾ ਸਹਿਯੋਗ ਦੇਣ ਲਈ ਕਿਹਾ ਗਿਆ ਸੀ ਪਰ ਹੈਰਾਨੀਜਨਕ ਹੈ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਨਜ਼ਰ ਨਹੀਂ ਆਇਆ।ਇੰਟੈਂਸਿਵ ਰਵੀਜ਼ਨ ਦੇ ਸੋਧੇ ਸ਼ਡਿਊਲ ਅਨੁਸਾਰ ਹੁਣ 25 ਜੂਨ 2026 ਤੋਂ 24 ਜੁਲਾਈ 2026 ਤੱਕ ਸਮੂਹ ਬੀਐੱਲਓਜ਼ ਘਰ ਘਰ ਜਾਣਗੇ। ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਜੀਏਸ਼ਨ 24 ਜੁਲਾਈ 2026 ਤੱਕ ਕੀਤੀ ਜਾਵੇਗੀ। ਵੋਟਰ ਸੂਚੀ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਅੱਜ ਮੌਕੇ ’ਤੇ ਵੇਖਿਆ ਵੋਟਰਾਂ ’ਚ ਉਤਸਾਹ ਨਜ਼ਰ ਨਹੀਂ ਆਇਆ।