ਸਕਾਰਪੀਓ ‘ਚੋਂ ਗੁਰਪ੍ਰੀਤ ਗੈਰੀ ਦੀ ਲਾਸ਼ ਬਰਾਮਦ
ਧਰਮਕੋਟ ਦੇ ਪੰਡੋਰੀ ਰੋਡ ‘ਤੇ ਇਕ ਦਿਲ
Publish Date: Wed, 15 Apr 2026 06:48 PM (IST)
Updated Date: Thu, 16 Apr 2026 04:06 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਧਰਮਕੋਟ ਦੇ ਪੰਡੋਰੀ ਰੋਡ ‘ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ‘ਚ ਸਨਸਨੀ ਫੈਲਾ ਦਿੱਤੀ ਹੈ। ਗੁਰਪ੍ਰੀਤ ਸਿੰਘ ਉਰਫ ਗੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਦੀ ਲਾਸ਼ ਉਸ ਦੀ ਆਪਣੀ ਸਕਾਰਪੀਓ ਗੱਡੀ ਵਿਚੋਂ ਖੂਨ ਨਾਲ ਲੱਥਪੱਥ ਹਾਲਤ ‘ਚ ਬਰਾਮਦ ਹੋਈ ਹੈ। ਪਹਿਲਾਂ ਇਸ ਮਾਮਲੇ ਨੂੰ ਗੋਲੀਆਂ ਮਾਰ ਕੇ ਕਤਲ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ, ਪਰ ਪੁਲਿਸ ਨੇ ਜਾਂਚ ’ਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਗੈਰੀ ਨੂੰ ਪਹਿਲਾਂ ਤੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਪਰ ਘਟਨਾ ਵਾਲੇ ਦਿਨ ਉਸ ਦੇ ਨਾਲ ਕੋਈ ਵੀ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਸੀ। ਇਸ ਗੱਲ ਨੇ ਵੀ ਘਟਨਾ ਨੂੰ ਹੋਰ ਸ਼ੱਕੀ ਬਣਾ ਦਿੱਤਾ ਹੈ ਅਤੇ ਕਈ ਸਵਾਲ ਖੜੇ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਗੈਰੀ ਧਰਮਕੋਟ ਵਿੱਚ ‘ਗੈਰੀ ਕਲੈਕਸ਼ਨ’ ਦੇ ਨਾਮ ਨਾਲ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ। ਘਟਨਾ ਵਾਲੇ ਦਿਨ ਉਹ ਘਰ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਆਪਣੀ ਕਾਰ ਧੁਲਵਾਉਣ ਲਈ ਜਾ ਰਿਹਾ ਹੈ। ਪਰਿਵਾਰ ਮੁਤਾਬਕ, ਜਦੋਂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਉਹ ਵਾਪਸ ਨਹੀਂ ਆਇਆ ਤਾਂ ਉਸ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ। ਦੁਕਾਨ ਦੇ ਇਕ ਕਰਮਚਾਰੀ ਨੇ ਜਦੋਂ ਪੰਡੋਰੀ ਰੋਡ ‘ਤੇ ਉਸ ਦੀ ਤਲਾਸ਼ ਕਰਦਿਆਂ ਪਹੁੰਚਿਆ ਤਾਂ ਉਸ ਨੇ ਗੁਰਪ੍ਰੀਤ ਨੂੰ ਸਕਾਰਪੀਓ ਗੱਡੀ ਵਿਚ ਖੂਨ ਨਾਲ ਲੱਥਪੱਥ ਹਾਲਤ ਵਿਚ ਪਿਆ ਹੋਇਆ ਦੇਖਿਆ। ਇਹ ਖਬਰ ਮਿਲਦੇ ਹੀ ਪਰਿਵਾਰਕ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਗੁਰਪ੍ਰੀਤ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿਚ ਪੁਲਿਸ ਵੱਲੋਂ ਖੁਦਕੁਸ਼ੀ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਜਦਕਿ ਪਰਿਵਾਰ ਇਸ ਨੂੰ ਸਿੱਧਾ ਕਤਲ ਕਰਾਰ ਦੇ ਰਿਹਾ ਹੈ। ਦੋਹਾਂ ਪੱਖਾਂ ਦੇ ਵਿਰੋਧੀ ਦਾਅਵਿਆਂ ਕਾਰਨ ਮਾਮਲਾ ਹੋਰ ਗੰਭੀਰ ਬਣ ਗਿਆ ਹੈ। ਫਿਲਹਾਲ ਪੁਲਸ ਵੱਲੋਂ ਪੋਸਟਮਾਰਟਮ ਰਿਪੋਰਟ ਤੇ ਹੋਰ ਸਬੂਤਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆ ਸਕੇਗੀ।