ਬਲੱਡ ਡੋਨਰਜ਼ ਕਲੱਬ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਮਨ
ਧਰਮਕੋਟ ਇਲਾਕੇ ਦੀ ਸਮਾਜ ਸੇਵੀ
Publish Date: Mon, 23 Mar 2026 03:29 PM (IST)
Updated Date: Tue, 24 Mar 2026 03:58 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਧਰਮਕੋਟ ਇਲਾਕੇ ਦੀ ਸਮਾਜ ਸੇਵੀ ਸੰਸਥਾ ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਧਰਮਕੋਟ ਵੱਲੋਂ ਅੱਜ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਾਦਗੀ ਭਰਿਆ ਪਰ ਭਾਵੁਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਸ਼ਹੀਦ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸਰਧਾਂਜ਼ਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਸੰਸਥਾ ਦੇ ਪ੍ਰਧਾਨ ਜਸਵਿੰਦਰ ਸਿੰਘ ਰੱਖਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਸਾਡੀ ਜ਼ਿੰਦਗੀ ਲਈ ਰਾਹਦਾਰੀ ਦਾ ਕੰਮ ਕਰਦੀਆਂ ਹਨ ਅਤੇ ਸਾਨੂੰ ਦੇਸ਼ ਭਗਤੀ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ। ਇਸ ਮੌਕੇ ਮਾਸਟਰ ਗੋਪਾਲ ਕ੍ਰਿਸ਼ਨ ਕੌੜਾ ਅਤੇ ਨਾਇਬ ਸਿੰਘ ਪਟਵਾਰੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਦੀਆਂ ਅਦਭੁੱਤ ਕੁਰਬਾਨੀਆਂ ਦੇ ਸਦਕਾ ਹੀ ਅਸੀਂ ਅੱਜ ਆਜ਼ਾਦੀ ਦੀ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਆਜ਼ਾਦੀ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਚੇਅਰਮੈਨ ਪ੍ਰੀਤਮ ਲਾਲ ਭਾਰਦਵਾਜ, ਡਾ. ਸੁਰਿੰਦਰ ਪਾਲ ਜੁਨੇਜਾ, ਨਰਿੰਦਰ ਗਰੋਵਰ, ਮੁਰਾਰੀ ਲਾਲ, ਮਾਸਟਰ ਪ੍ਰੇਮ ਸਿੰਘ, ਸਤਨਾਮ ਸਿੰਘ ਸਿੱਧੂ, ਰਕੇਸ਼ ਕੁਮਾਰ ਲੱਕੀ, ਜੀਵਨ ਜੈਦਕਾ, ਤਰਸੇਮ ਲਾਲ ਅਰੋੜਾ, ਸੰਪਨ ਗੁਪਤਾ, ਮੁਕੇਸ਼ ਕੁਮਾਰ, ਬਿੱਟੂ ਸ਼ਰਮਾ, ਅਸਵਨੀ ਕੁਮਾਰ ਜੱਸੀ, ਰਾਮ ਕ੍ਰਿਸ਼ਨ, ਜਗਜੀਤ ਸਿੰਘ ਭੱਟੀ, ਬਲਵਿੰਦਰ ਸਿੰਘ ਥਾਣੇਦਾਰ, ਬਲਕਾਰ ਸਿੰਘ ਛਾਬੜਾ, ਫੋਰਮੈਨ ਰਾਮ ਖਿਲਾਵਨ ਅਤੇ ਸਿਮਰਨ ਕੌਰ ਸਮੇਤ ਹੋਰ ਕਈ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਰਹੇ।