ਭਗਤ ਧੰਨਾ ਜੱਟ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੀਕੇਯੂ ਲੱਖੋਵਾਲ ਦੀ ਮਹਾਂ ਸੂਬਾ ਪੱਧਰੀ ਕਿਸਾਨ ਗੋਸ਼ਟੀ
ਭਗਤ ਧੰਨਾ ਜੱਟ ਦੇ ਪਾਵਨ ਜਨਮ ਦਿਹਾੜੇ
Publish Date: Fri, 10 Apr 2026 07:18 PM (IST)
Updated Date: Sat, 11 Apr 2026 04:12 AM (IST)

* ਸਰਕਾਰ ਖ਼ਿਲਾਫ਼ ਤਿੱਖੇ ਫੈਸਲੇ, ਸੰਘਰਸ਼ ਦਾ ਐਲਾਨ * ਗੜੇਮਾਰੀ ਕਾਰਨ ਹੋਏ ਨੁਕਸਾਨ ਲਈ 50,000 ਪ੍ਰਤੀ ਏਕੜ ਮੁਆਵਜ਼ਾ ਮੰਗਿਆਂ ਸੂਬਾ ਪੱਧਰੀ ਕਿਸਾਨ ਗੋਸ਼ਟੀ ਦੌਰਾਨ ਰਿਕੇਸ਼ ਟਿਕੈਤ ਸੰਬੋਧਨ ਕਰਦੇ ਹੋਏ। ਸੂਬਾ ਪੱਧਰੀ ਕਿਸਾਨ ਗੋਸ਼ਟੀ ਦੌਰਾਨ ਡਾ. ਪਿਆਰੇ ਲਾਲ ਗਰਗ ਸੰਬੋਧਨ ਕਰਦੇ ਹੋਏ। ਵਿਸ਼ਾਲ ਸੂਬਾ ਪੱਧਰੀ ਕਿਸਾਨ-ਬੁੱਧੀਜੀਵੀ ਵਿਚਾਰ ਗੋਸ਼ਟੀ ਦੌਰਾਨ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ ਦਾ ਇਕੱਠ। ਵਿਸ਼ਾਲ ਸੂਬਾ ਪੱਧਰੀ ਕਿਸਾਨ-ਬੁੱਧੀਜੀਵੀ ਵਿਚਾਰ ਗੋਸ਼ਟੀ ਦੌਰਾਨ ਮੰਚ ’ਤੇ ਹਾਜ਼ਰ ਰਿਕੇਸ਼ ਟਿਕੈਤ, ਡਾ. ਪਿਆਰੇ ਲਾਲ ਗਰਗ, ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਬਲਕਰਨ ਸਿੰਘ ਢਿੱਲੋਂ ਤੇ ਹੋਰ। ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਭਗਤ ਧੰਨਾ ਜੱਟ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਮੋਗਾ ਵਿਖੇ ਇਕ ਵਿਸ਼ਾਲ ਸੂਬਾ ਪੱਧਰੀ ਕਿਸਾਨ-ਬੁੱਧੀਜੀਵੀ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ’ਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਤੇ ਆਗੂਆਂ ਨੇ ਹਿੱਸਾ ਲਿਆ। ਇਹ ਗੋਸ਼ਟੀ ਨਾ ਸਿਰਫ਼ ਕਿਸਾਨੀ ਮਸਲਿਆਂ ’ਤੇ ਚਰਚਾ ਦਾ ਮੰਚ ਬਣੀ, ਸਗੋਂ ਆਉਣ ਵਾਲੇ ਸਮੇਂ ’ਚ ਸੰਘਰਸ਼ ਦੀ ਦਿਸ਼ਾ ਵੀ ਤੈਅ ਕਰ ਗਈ। ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੀ ਸਟੇਜ ਕਾਰਵਾਈ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ ਵੱਲੋਂ ਬਖੂਬੀ ਨਿਭਾਈ ਗਈ। ਇਸ ਦੌਰਾਨ ਸਟੇਜ ਤੋਂ ਕਿਸਾਨੀ ਮੁੱਦਿਆਂ ’ਤੇ ਡੂੰਘੀ ਚਰਚਾ ਹੋਈ ਤੇ ਹੱਲਾਂ ਲਈ ਸਪੱਸ਼ਟ ਰਣਨੀਤੀ ਵੀ ਤਿਆਰ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਿਕੇਸ਼ ਟਿਕੈਤ, ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਪ੍ਰਸਿੱਧ ਬੁੱਧੀਜੀਵੀ ਡਾ. ਪਿਆਰੇ ਲਾਲ ਗਰਗ ਅਤੇ ਹੋਰ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਦੀ ਕਿਸਾਨੀ ਅੱਜ ਸਭ ਤੋਂ ਵੱਡੇ ਸੰਕਟ ’ਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ, ਗਲਤ ਨੀਤੀਆਂ ਅਤੇ ਵਧਦੇ ਕਰਜ਼ੇ ਕਾਰਨ ਕਿਸਾਨ ਟੁੱਟ ਚੁੱਕਾ ਹੈ ਅਤੇ ਹੁਣ ਸੰਘਰਸ਼ ਹੀ ਇਕੋ-ਇਕ ਰਾਹ ਬਚਿਆ ਹੈ। ਗੋਸ਼ਟੀ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਪੰਜਾਬ ਪੱਧਰੀ ਮੀਟਿੰਗ ਵੀ ਹੋਈ, ਜਿਸ ’ਚ ਕਈ ਅਹਿਮ ਮਤੇ ਪਾਸ ਕੀਤੇ ਗਏ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਾਲ ਹੀ ’ਚ ਗੜੇਮਾਰੀ ਨਾਲ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਖੜ੍ਹੇ ਹੋ ਸਕਣ। ਇਸ ਤੋਂ ਇਲਾਵਾ ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਤੇ ਦਰਿਆਵਾਂ ਦੇ ਬੰਨ੍ਹਾਂ ਨੂੰ ਪੱਕਾ ਕਰਨ ਦੀ ਮੰਗ ਵੀ ਉਠਾਈ ਗਈ। ਜਲ ਸੰਭਾਲ ਲਈ ਰਿਚਾਰਜ ਪੁਆਇੰਟ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਜ਼ਮੀਨ ਐਕਵਾਇਰ ਦੇ ਮਾਮਲੇ ’ਚ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲਈ ਜਾ ਰਹੀ ਹੈ, ਉਨ੍ਹਾਂ ਨੂੰ ਢੁਕਵਾਂ ਤੇ ਇਨਸਾਫ਼ਪੂਰਨ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਖ਼ਸਖ਼ਸ ਤੇ ਪੋਸਤ ਦੀ ਖੇਤੀ ਨੂੰ ਕਾਨੂੰਨੀ ਤੌਰ ’ਤੇ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਨਸ਼ਿਆਂ ਦੇ ਫੈਲਾਅ ਨੂੰ ਰੋਕਣ ’ਚ ਮਦਦ ਮਿਲੇਗੀ ਤੇ ਜਵਾਨੀ ਨੂੰ ਸਹੀ ਦਿਸ਼ਾ ਮਿਲੇਗੀ। ਗੋਸ਼ਟੀ ਦੌਰਾਨ ਇਹ ਵੀ ਮੰਗ ਕੀਤੀ ਗਈ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣ, ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਤੇ ਕੋ-ਆਪ੍ਰੇਟਿਵ ਤੇ ਲੈਂਡਮਾਰਕਾਂ ਬੈਂਕਾਂ ਲਈ ਵਨ ਟਾਈਮ ਸੈਟਲਮੈਂਟ ਲਾਗੂ ਕੀਤਾ ਜਾਵੇ ਤਾਂ ਜੋ ਕਰਜ਼ੇ ਦੇ ਬੋਝ ਹੇਠਾਂ ਦਬੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਵਧਦੀ ਸਮੱਸਿਆ ’ਤੇ ਵੀ ਗੰਭੀਰ ਚਿੰਤਾ ਜਤਾਈ ਗਈ। ਆਗੂਆਂ ਨੇ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਜਾਣ ਵਾਲੇ ਵਪਾਰ ਸਮਝੌਤੇ ’ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਇਸ ਵਿਚ ਖੇਤੀਬਾੜੀ ਅਤੇ ਡੇਅਰੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਨਹੀਂ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਇਸ ਮਹਾਂ ਗੋਸ਼ਟੀ ਵਿਚ ਸੂਬਾ ਆਗੂ ਪ੍ਰੀਤਮ ਸਿੰਘ ਬਾਘਾ ਪੁਰਾਣਾ, ਹਰਮਿੰਦਰ ਸਿੰਘ ਖਹਿਰਾ, ਬਲਦੇਵ ਸਿੰਘ ਪੂਨੀਆ, ਜਸਵੰਤ ਸਿੰਘ, ਸਰੂਪ ਸਿੰਘ ਰਾਮਾ, ਮੰਦਰਜੀਤ ਸਿੰਘ ਮਨਾਵਾਂ ਸਮੇਤ ਕਈ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਆਗੂ ਹਾਜ਼ਰ ਰਹੇ। ਇਸ ਤੋਂ ਇਲਾਵਾ ਪੰਜਾਬ ਦੇ ਹਰ ਕੋਨੇ ਤੋਂ ਆਏ ਹਜ਼ਾਰਾਂ ਕਿਸਾਨਾਂ ਦੀ ਵੱਡੀ ਭਾਗੀਦਾਰੀ ਨੇ ਇਸ ਗੋਸ਼ਟੀ ਨੂੰ ਇਤਿਹਾਸਕ ਰੂਪ ਦੇ ਦਿੱਤਾ। ਅਖੀਰ ਵਿਚ ਆਗੂਆਂ ਨੇ ਇਕਜੁਟ ਹੋ ਕੇ ਕਿਸਾਨ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ ਤੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਅੰਦੋਲਨ ਖੜ੍ਹਾ ਕੀਤਾ ਜਾਵੇਗਾ।