- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਦੀ ਅਗਵਾਈ ਹੇਠ ਪਿੰਡ ਕੋਰੇਵਾਲਾ ਖੁਰਦ ਵਿਚ ਯੂਨੀਅਨ ਦੀ ਨਵੀਂ ਇਕਾਈ ਦਾ ਵਿਸ਼ਾਲ ਇਕੱਠ ਦੌਰਾਨ ਗਠਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਨਵੀਂ ਇਕਾਈ ਦੇ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਅੱਗੇ ਰਹੀ ਹੈ ਅਤੇ ਅੱਗੇ ਵੀ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਰਹੇਗੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕਿਸਾਨ ਅਨੇਕਾਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ, ਖੇਤੀ ਦੀ ਲਾਗਤ ਵਧ ਰਹੀ ਹੈ, ਫਸਲਾਂ ਦੇ ਭਾਅ ਘੱਟ ਮਿਲ ਰਹੇ ਹਨ ਅਤੇ ਸਰਕਾਰੀ ਨੀਤੀਆਂ ਕਿਸਾਨ ਵਿਰੋਧੀ ਸਾਬਿਤ ਹੋ ਰਹੀਆਂ ਹਨ। ਐਸੇ ਹਾਲਾਤਾਂ ਵਿਚ ਪਿੰਡ ਪੱਧਰ ’ਤੇ ਮਜ਼ਬੂਤ ਇਕਾਈਆਂ ਦਾ ਬਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨ ਆਪਣੀ ਆਵਾਜ਼ ਇਕਜੁੱਟ ਹੋ ਕੇ ਸਰਕਾਰ ਤੱਕ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਕੋਰੇਵਾਲਾ ਖ਼ੁਰਦ ਦੀ ਨਵੀਂ ਇਕਾਈ ਯੂਨੀਅਨ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਉੱਚ ਪੱਧਰ ਤੱਕ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਯੂਨੀਅਨ ਦੀ ਇਕਾਈ ਦਾ ਵਿਧੀਵਤ ਗਠਨ ਕਰਦਿਆਂ ਜਸਪ੍ਰੀਤ ਸਿੰਘ ਨੂੰ ਇਕਾਈ ਪ੍ਰਧਾਨ, ਪ੍ਰਗਟ ਸਿੰਘ ਨੂੰ ਖ਼ਜ਼ਾਨਚੀ, ਸਨਦੀਪ ਸਿੰਘ ਨੂੰ ਜਨਰਲ ਸਕੱਤਰ ਅਤੇ ਪ੍ਰਗਟ ਸਿੰਘ ਨੂੰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਤੋਂ ਇਲਾਵਾ ਬੂਟਾ ਸਿੰਘ, ਜਗਜੀਵਨ ਸਿੰਘ, ਤਰਸੇਮ ਸਿੰਘ, ਹਰਵਿੰਦਰ ਸਿੰਘ, ਗੁਰਜੋਤ ਸਿੰਘ, ਹਰਗੁਣ ਸਿੰਘ ਅਤੇ ਗੁਰਵੀਰ ਸਿੰਘ ਨੂੰ ਮੈਂਬਰਾਂ ਵਜੋਂ ਸ਼ਾਮਿਲ ਕਰਕੇ ਇਕਾਈ ਦਾ ਪੂਰਾ ਗਠਨ ਕੀਤਾ ਗਿਆ। ਨਵ-ਨਿਯੁੱਕਤ ਆਗੂਆਂ ਨੂੰ ਯੂਨੀਅਨ ਦੇ ਸੀਨੀਅਰ ਆਗੂਆਂ ਵੱਲੋਂ ਫ਼ੁੱਲ ਮਾਲਾਵਾਂ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਨਵ-ਨਿਯੁੱਕਤ ਪ੍ਰਧਾਨ ਜਸਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਸੀਨੀਅਰ ਲੀਡਰਸ਼ਿੱਪ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਕੋਰੇਵਾਲਾ ਖ਼ੁਰਦ ਦੀ ਇਕਾਈ ਯੂਨੀਅਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਜੋ ਵੀ ਸੰਘਰਸ਼ ਜਾਂ ਪ੍ਰੋਗਰਾਮ ਦਿੱਤਾ ਜਾਵੇਗਾ, ਉਸ ਵਿਚ ਸਾਰੀ ਇਕਾਈ ਵੱਧਚੜ੍ਹ ਕੇ ਹਿੱਸਾ ਲਵੇਗੀ ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਨੂੰ ਅੰਤ ਤੱਕ ਲਿਜਾਇਆ ਜਾਵੇਗਾ। ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਨੇ ਕਿਹਾ ਕਿ ਯੂਨੀਅਨ ਦੀ ਤਾਕਤ ਉਸ ਦੀ ਇਕਜੁਟਤਾ ਵਿਚ ਹੈ। ਉਨ੍ਹਾਂ ਨਵੀਂ ਬਣੀ ਇਕਾਈ ਨੂੰ ਸਲਾਹ ਦਿੱਤੀ ਕਿ ਹਰ ਸਮੇਂ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਤਿਆਰ ਰਹੇ ਅਤੇ ਯੂਨੀਅਨ ਦੀ ਨੀਤੀ ਅਨੁਸਾਰ ਕੰਮ ਕਰੇ। ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਮੇਜਰ ਸਿੰਘ, ਮਨਪ੍ਰੀਤ ਸਿੰਘ, ਜ਼ਿਲ੍ਹਾ ਆਗੂ ਡਾ. ਸਰਬਜੀਤ ਸਿੰਘ ਸਮੇਤ ਹੋਰ ਆਗੂ ਅਤੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਾਰੇ ਆਗੂਆਂ ਨੇ ਇਕਸੁਰ ਵਿਚ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹੈ ਅਤੇ ਕੋਰੇਵਾਲਾ ਖ਼ੁਰਦ ਦੀ ਨਵੀਂ ਇਕਾਈ ਇਸ ਸੰਘਰਸ਼ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਏਗੀ। ਅਖ਼ੀਰ ਵਿਚ ਸਮਾਗਮ ਦੌਰਾਨ ਯੂਨੀਅਨ ਦੇ ਆਗੂਆਂ ਵੱਲੋਂ ਕਿਸਾਨਾਂ ਨੂੰ ਇਕਜੁਟ ਰਹਿਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਹੱਕਾਂ ਲਈ ਜਾਗਰੂਕ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਗਈ। ਸਮਾਗਮ ਦਾ ਸਮਾਪਨ ਯੂਨੀਅਨ ਦੀ ਮਜ਼ਬੂਤੀ ਅਤੇ ਕਿਸਾਨਾਂ ਦੀ ਭਲਾਈ ਲਈ ਸਾਂਝੇ ਸੰਕਲਪ ਨਾਲ ਕੀਤਾ ਗਿਆ।