ਬੀਕੇਯੂ ਏਕਤਾ ਉਗਰਾਹਾਂ ਨੇ ਕੱਢਿਆ ਟਰੈਕਟਰ ਮਾਰਚ
ਬੀਕੇਯੂ ਏਕਤਾ ਉਗਰਾਹਾਂ ਨੇ ਕੱਢਿਆ
Publish Date: Tue, 27 Jan 2026 05:12 PM (IST)
Updated Date: Wed, 28 Jan 2026 04:04 AM (IST)
ਹਰਦੀਪ ਧੰਮੀ ਨੰਗਲ , ਪੰਜਾਬੀ ਜਾਗਰਣ
ਨਿਹਾਲ ਸਿੰਘ ਵਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਰੈਕਟਰ ਮਾਰਚ ਤਖ਼ਤੂਪੁਰਾ ਸੂਏ ਨਿਹਾਲ ਸਿੰਘ ਵਾਲਾ ਰੋਡ ਤੋਂ ਸ਼ੁਰੂ ਕਰਕੇ ਸ਼ਹਿਰ ’ਚੋਂ ਹੋਕੇ ਮਧੇ ਚੌਕ ਤੱਕ ਅਤੇ ਦੂਜਾ ਬੱਧਨੀ ਕਲਾਂ ਦੀ ਦਾਣਾ ਮੰਡੀ ਤੋਂ ਬੌਡੇ ਚੌਕ ਖ਼ਤਮ ਕੀਤਾ ਗਿਆ। ਦੋਵੇਂ ਟਰੈਕਟਰ ਮਾਰਚ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ, ਬਲਾਕ ਜਨਰਲ ਸਕੱਤਰ ਬੂਟਾ ਸਿੰਘ ਭਾਗੀਕੇ, ਕੇਵਲ ਕ੍ਰਿਸ਼ਨ ਬੱਧਨੀ ਕਲਾਂ, ਸਰਬਜੀਤ ਸਿੰਘ ਖਾਈ ਅਤੇ ਗੁਰਮੁਖ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬੀਜ਼ ਸੋਧ ਬਿੱਲ 2025, ਬਿਜਲੀ ਸੋਧ ਬਿੱਲ 2025, ਚਾਰ ਲੇਬਰ ਕੋਡ ਅਤੇ ਨਰੇਗਾ ਸਕੀਮ ਪੁਰਾਣਾ ਕਾਨੂੰਨ ਖ਼ਤਮ ਆਦਿ ਦੇ ਖ਼ਿਲਾਫ ਪੂਰੇ ਭਾਰਤ ਵਿਚ ਇਹ ਟਰੈਕਟਰ ਮਾਰਚ ਕੀਤਾ।
ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਪੂਰੇ ਦੇਸ਼ ਵਿਚ ਬਿਜ਼ਲੀ ਵਿਭਾਗ ਸਮੇਂਤ ਸਾਰੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਨ੍ਹਾਂ ਨੀਤੀਆਂ ’ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਸਹਿਮਤ ਹੈ। ਉਨ੍ਹਾਂ ਕਿਹਾ ਬਿਜਲੀ ਵਿਭਾਗ ਦੇ ਨਿਰਮਾਣ ਸਮੇਂ ਬਿਜਲੀ ਬਿੱਲ 1948 ਅਧੀਨ ਸਰਕਾਰ ਨੇ ਬਿਨਾਂ ਕਿਸੇ ਲਾਭ-ਹਾਨੀ ਤੋਂ ਬਿਜ਼ਲੀ ਦਾ ਬੰਦੋਬਸਤ ਕੀਤਾ ਸੀ ਪਰ ਉਸ ਤੋਂ ਬਾਅਦ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਇਸ ਨੂੰ ਵੱਡੇ ਸਨਅਤੀ ਘਰਾਣਿਆਂ ਦੇ ਹੱਥਾਂ ਵਿਚ ਦੇਣ ਲਈ ਵਾਰਵਾਰ ਇਸ ਕਾਨੂੰਨ ਵਿਚ ਸੋਧਾਂ ਕੀਤੀਆਂ ਗਈਆਂ ਅਤੇ ਇਸ ਨੂੰ ਹੁਣ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿਚ ਦੇਣ ਲਈ ਕੇਂਦਰ ਸਰਕਾਰ ਨੇ ਪਹਿਲਾਂ ਬਿਜ਼ਲੀ ਐਕਟ 2003 ਰਾਹੀਂ ਲੋਕਾਂ ਦੀਆਂ ਸਹੂਲਤਾਂ ਨੂੰ ਛਾਂਗਿਆ ਹੁਣ ਬਿਜਲੀ ਸੋਧ ਬਿੱਲ 2025 ਰਾਹੀਂ ਵਿਭਾਗ ਦਾ ਨਿੱਜੀਕਰਨ ਦੀ ਯੋਜਨਾ ਘੜੀ ਜਾ ਰਹੀ ਹੈ।ਇਸ ਟਰੈਕਟਰ ਮਾਰਚ ਵਿਚ ਵੱਡੀ ਗਿਣਤੀ ਵਿਚ ਟਰੈਕਟਰਾਂ ਸ਼ਾਮਿਲ ਸਨ। ਵੱਡੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਨੇ ਸ਼ਾਮਿਲ ਹੋਕੇ ਇਨ੍ਹਾਂ ਬਿੱਲਾਂ ਦੇ ਖ਼ਿਲਾਫ ਵਿਰੋਧ ਦਰਜ ਕਰਵਾਇਆ।