ਬੀਕੇਯੂ ਏਕਤਾ ਉਗਰਾਹਾਂ ਨੇ ਕੀਤੀ ਮੀਟਿੰਗ
ਸੰਯੁਕਤ ਕਿਸਾਨ ਮੋਰਚੇ ਪੰਜਾਬ ਵੱਲੋਂ
Publish Date: Fri, 03 Apr 2026 03:11 PM (IST)
Updated Date: Sat, 04 Apr 2026 04:01 AM (IST)

ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸੰਯੁਕਤ ਕਿਸਾਨ ਮੋਰਚੇ ਪੰਜਾਬ ਵੱਲੋਂ ਅਮਰੀਕਾ ਇਸਰਾਇਲ ਵੱਲੋਂ ਇਰਾਨ ਵਿੱਫੀ ਨਿਹੱਕੀ ਜੰਗ, ਅਮਰੀਕਾ ਭਾਰਤ ਫ਼ਰੀ ਟਰੇਡ, ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲਾਂ ਅਤੇ ਹੋਰ ਕੈਬਨਿਟ ਫ਼ੈਸਲਿਆਂ ਦੇ ਖ਼ਿਲਾਫ਼ ਮੋਗਾ ਡੀਸੀ ਦਫ਼ਤਰ ਅੱਗੇ 6 ਅਪ੍ਰੈਲ ਨੂੰ ਇਕ ਰੋਜ਼ਾ ਧਰਨੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਦੀ ਅਗਵਾਈ ਵਿਚ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਯਾਦਗਾਰ ’ਤੇ ਕੀਤੀ ਗਈ। ਮੀਟਿੰਗ ਦੌਰਾਨ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ ਅਤੇ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਨਰੇਗਾ ਨੂੰ ਖ਼ਤਮ ਕਰਨ, ਬਿਜਲੀ ਅਤੇ ਬੀਜ ਸੋਧ ਬਿੱਲ ਲਿਆਉਣ, ਮਜ਼ਦੂਰ ਵਿਰੋਧੀ ਕਿਰਤ ਕੋਡ ਲਾਗੂ ਕਰਨ, ਸਭਨਾਂ ਸਰਕਾਰੀ ਅਦਾਰਿਆਂ ਚ ਨਿੱਜੀਕਰਨ ਅਤੇ ਪੰਚਾਇਤੀਕਰਨ ਦੀਆਂ ਨੀਤੀਆਂ ਲਾਗੂ ਕਰਨ ’ਤੇ ਮੁਕਤ ਵਪਾਰ ਸਮਝੌਤੇ ਵਰਗੇ ਕਦਮਾਂ ਖ਼ਿਲਾਫ਼ ਵਿਸ਼ਾਲ ਸਾਂਝੇ ’ਤੇ ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਸਾਮਰਾਜ ਵਿਰੋਧੀ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ ਗਿਆ। ਕੇਵਲ ਕ੍ਰਿਸ਼ਨ ਬੱਧਨੀ ਕਲਾਂ ਅਤੇ ਗੁਰਮੁਖ ਸਿੰਘ ਹਿੰਮਤਪੁਰਾ ਨੇ ਆਖਿਆ ਕਿ ਦੇਸ਼ ਦੇ ਹਾਕਮਾਂ ਵੱਲੋਂ ਕਿਸਾਨ, ਮਜ਼ਦੂਰ , ਮੁਲਾਜ਼ਮ ਤੇ ਦੇਸ਼ ਧਰੋਹੀ ਨੀਤੀਆਂ ਨੂੰ ਲਾਗੂ ਕਰਨ ਲਈ ਜਾਤਪਾਤੀ, ਫਿਰਕੂ ਤੇ ਇਲਾਕਾਈ ਵੰਡੀਆਂ ਪਾਉਣ ਦਾ ਏਜੰਡਾ ਗਿਣਮਿਥ ਕੇ ਅੱਗੇ ਵਧਾਇਆ ਜਾ ਰਿਹਾ ਹੈ, ਇਸ ਲਈ ਵੰਡ ਪਾਊ ਹਾਕਮ ਜਮਾਤੀ ਸਿਆਸਤ ਨੂੰ ਮਾਤ ਦੇਣਾ ਅਣਸਰਦੀ ਲੋੜ ਹੈ। ਉਨ੍ਹਾਂ ਆਖਿਆ ਕਿ ਦੇਸ਼ ਤੇ ਪੰਜਾਬ ਦੇ ਹਾਕਮਾਂ ਵੱਲੋਂ ਇੱਥੋਂ ਦੇ ਜਲ, ਜੰਗਲ ਜ਼ਮੀਨਾਂ ਤੇ ਹੋਰ ਅਮੀਰ ਕੁਦਰਤੀ ਸਰੋਤਾਂ ਅਤੇ ਕਿਰਤ ਸ਼ਕਤੀ ਨੂੰ ਸਾਮਰਾਜੀ ਦੇਸ਼ਾਂ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਦਾ ਸਾਧਨ ਬਨਾਉਣ ਵਾਲੀਆਂ ਨੀਤੀਆਂ ਖਿਲਾਫ ਸੰਘਰਸ਼ ਕਰਦੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਆਏ ਦਿਨ ਰੋਲਟ ਐਕਟ ਵਰਗੇ ਜਾਬਰ ਕਾਲੇ ਕਾਨੂੰਨ ਘੜੇ ਜਾ ਰਹੇ ਹਨ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਤੇ ਮੜ੍ਹੀ ਜੰਗ ਨੂੰ ਧਾੜਵੀ ਕਾਰਵਾਈ ਕਰਾਰ ਦਿੰਦਿਆਂ ਇਰਾਨੀ ਲੋਕਾਂ ਵੱਲੋਂ ਕੀਤੇ ਜਾ ਰਹੇ ਟਾਕਰੇ ਨੂੰ ਹੱਕੀ ਕਰਾਰ ਦਿੰਦਿਆਂ ਇਹ ਜੰਗ ਤੁਰੰਤ ਬੰਦ ਕਰਨ ਦੀ ਜ਼ੋਰਦਾਰ ਮੰਗ ਕਰਦਿਆਂ ਇਸ ਜੰਗ ਖ਼ਿਲਾਫ਼ ਲੋਕ ਰਾਇ ਲਾਮਬੰਦ ਕਰਨ ਦਾ ਸੱਦਾ ਦਿੱਤਾ ਗਿਆ। ਮੀਟਿੰਗ ਦੌਰਾਨ ਬਲਾਕ ਬਾਘਾਪੁਰਾਣਾ ਦੇ ਬਲਾਕ ਆਗੂ ਸੁਖਵਿੰਦਰ ਸਿੰਘ ਕਾਲਾ ਲੰਗੇਆਣਾ ਦੇ ਭਰਾ ਦੀ ਬੇਵਖਤੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਮੀਟਿੰਗ ਵਿਚ ਕਰਮਜੀਤ ਕੌਰ ਹਿੰਮਤਪੁਰਾ, ਜੰਗੀਰ ਸਿੰਘ ਹਿੰਮਤਪੁਰਾ, ਸਵਰਨ ਸਿੰਘ ਬੱਧਨੀ ਕਲਾਂ ਤੋਂ ਇਲਾਵਾ ਪਿੰਡਾਂ ਦੇ ਪ੍ਰਧਾਨ ਸਕੱਤਰ ਅਤੇ ਔਰਤਾਂ ਹਾਜ਼ਰ ਸਨ।