ਕਿੱਲੀ ਚਾਹਲਾਂ ਦੀ ਵਿਸ਼ਾਲ ਰੈਲੀ ਰਾਹੀਂ ਭਾਜਪਾ ਦਾ ਤਾਕਤਵਰ ਪ੍ਰਦਰਸ਼ਨ, ਅਮਿਤ ਸ਼ਾਹ ਨੇ ਕੀਤਾ ਚੋਣ ਮੁਹਿੰਮ ਦਾ ਆਗਾਜ਼
ਪਿੰਡ ਕਿਲੀ ਚਹਿਲਾਂ ਵਿਖੇ ਕੇਂਦਰੀ ਗ੍ਰ
Publish Date: Sat, 14 Mar 2026 07:17 PM (IST)
Updated Date: Sat, 14 Mar 2026 07:18 PM (IST)

-65 ਏਕੜ ਵਿਚ ਬਣੇ ਵਿਸ਼ਾਲ ਪੰਡਾਲ ਵਿਚ ਉਮੜੀ ਵਰਕਰਾਂ ਦੀ ਭਾਰੀ ਭੀੜ -ਰੈਲੀ ਲਈ ਸਵੇਰੇ ਤੋਂ ਹੀ ਪਹੁੰਚਣ ਲੱਗ ਪਏ ਸਨ ਵਰਕਰ -ਬੱਸਾਂ ਰੋਕਣ ਦੇ ਲੱਗੇ ਦੋਸ਼, ਵਰਕਰਾਂ ਅਤੇ ਪੁਲਿਸ ਵਿਚਕਾਰ ਨੋਕਝੋਕ ਵੀ ਦੇਖਣ ਨੂੰ ਮਿਲੀ ਵਕੀਲ ਮਹਿਰੋਂ, ਅਵਤਾਰ ਸਿੰਘ ਮੋਗਾ : ਪਿੰਡ ਕਿਲੀ ਚਹਿਲਾਂ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਹੋਈ ਵਿਸ਼ਾਲ ਰੈਲੀ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਆਪਣੀ ਤਾਕਤ ਅਤੇ ਵਰਕਰਾਂ ਦੇ ਜੋਸ਼ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਰੈਲੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਵਰਕਰ ਪੂਰੀ ਤਾਕਤ ਅਤੇ ਸਮਰਪਣ ਨਾਲ ਮੈਦਾਨ ਵਿਚ ਉੱਤਰਣ ਅਤੇ ਆਉਣ ਵਾਲੀਆਂ ਚੋਣਾਂ ਲਈ ਘਰ ਘਰ ਤੱਕ ਪਾਰਟੀ ਦੀ ਨੀਤੀ ਅਤੇ ਵਿਚਾਰਧਾਰਾ ਨੂੰ ਪਹੁੰਚਾਉਣ। ਰੈਲੀ ਦੌਰਾਨ ਮੈਦਾਨ ਵਿਚ ਮੌਜੂਦ ਵਰਕਰਾਂ ਨੇ ਤਾੜੀਆਂ ਦੀ ਗੂੰਜ ਅਤੇ ਨਾਅਰਿਆਂ ਰਾਹੀਂ ਆਪਣੇ ਆਗੂਆਂ ਦਾ ਭਰਪੂਰ ਸਵਾਗਤ ਕੀਤਾ। ਮੈਦਾਨ ਵਿਚ ਮੌਜੂਦ ਵਰਕਰਾਂ ਦਾ ਜੋਸ਼ ਅਤੇ ਉਤਸ਼ਾਹ ਸਪੱਸ਼ਟ ਤੌਰ ’ਤੇ ਦੇਖਣਯੋਗ ਸੀ। ਭਾਜਪਾ ਵੱਲੋਂ ਇਸ ਰੈਲੀ ਲਈ ਲਗਭਗ 65 ਏਕੜ ਜ਼ਮੀਨ ਵਿਚ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਸੀ। ਮੌਸਮ ਵਿਚ ਸੰਭਾਵਿਤ ਤਬਦੀਲੀ ਨੂੰ ਧਿਆਨ ਵਿਚ ਰੱਖਦਿਆਂ ਪੂਰੇ ਪੰਡਾਲ ਨੂੰ ਢੱਕਿਆ ਗਿਆ ਸੀ ਤਾਂ ਜੋ ਵਰਕਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੰਡਾਲ ਦੇ ਸਾਹਮਣੇ ਇਕ ਵਿਸ਼ਾਲ ਮੰਚ ਤਿਆਰ ਕੀਤਾ ਗਿਆ ਸੀ, ਜਿਸ ’ਤੇ ਪਾਰਟੀ ਦੇ ਕਈ ਮਹੱਤਵਪੂਰਨ ਕੇਂਦਰੀ ਤੇ ਸੂਬਾਈ ਆਗੂ ਮੌਜੂਦ ਸਨ। ਪਿੰਡ-ਪਿੰਡ ਜਾ ਕੇ ਇਕੱਠੀ ਕੀਤੀ ਗਈ ਭੀੜ ਭਾਜਪਾ ਆਗੂਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਇਸ ਦੇ ਨਤੀਜੇ ਵਜੋਂ ਰੈਲੀ ਵਾਲੇ ਦਿਨ ਸਵੇਰੇ ਤੋਂ ਹੀ ਵਰਕਰਾਂ ਅਤੇ ਸਮਰਥਕਾਂ ਦਾ ਰੈਲੀ ਸਥਾਨ ’ਤੇ ਪਹੁੰਚਣਾ ਸ਼ੁਰੂ ਹੋ ਗਿਆ ਸੀ। ਦੁਪਹਿਰ ਤੱਕ ਮੈਦਾਨ ਵਿਚ ਵਰਕਰਾਂ ਦੀ ਇੰਨੀ ਭੀੜ ਇਕੱਠੀ ਹੋ ਗਈ ਕਿ ਪੂਰਾ ਪੰਡਾਲ ਖਚਾਖਚ ਭਰ ਗਿਆ। ਕਈ ਵਰਕਰਾਂ ਨੂੰ ਖੜ੍ਹੇ ਹੋ ਕੇ ਹੀ ਰੈਲੀ ਸੁਣਨੀ ਪਈ। ਹਾਲਾਤ ਇਹ ਵੀ ਬਣ ਗਏ ਕਿ ਮੰਚ ਤੋਂ ਵਾਰ-ਵਾਰ ਪੁਲਿਸ ਨੂੰ ਅਪੀਲ ਕਰਨੀ ਪਈ ਕਿ ਸਾਹਮਣੇ ਬਣਾਏ ਗਏ ਵਿਸ਼ੇਸ਼ ਮਹਿਮਾਨਾਂ ਲਈ ਰਾਖਵੇਂ ਬਲਾਕ ਵੀ ਆਮ ਵਰਕਰਾਂ ਲਈ ਖੋਲ੍ਹ ਦਿੱਤੇ ਜਾਣ ਤਾਂ ਜੋ ਉਹ ਉੱਥੇ ਆ ਕੇ ਬੈਠ ਸਕਣ। ਰੈਲੀ ਵਿਚ ਪਹੁੰਚੇ ਵਰਕਰ ਆਪਣੇ ਹੱਥਾਂ ਵਿਚ ਅਮਿਤ ਸ਼ਾਹ ਦੇ ਕਟਆਉਟ, ਭਾਜਪਾ ਦੇ ਝੰਡੇ ਅਤੇ ਵੱਖ-ਵੱਖ ਬੈਨਰ ਲੈ ਕੇ ਪਹੁੰਚੇ ਹੋਏ ਸਨ। ਮੈਦਾਨ ਵਿਚ ਨਾਅਰਿਆਂ ਦੀ ਗੂੰਜ ਲਗਾਤਾਰ ਸੁਣਾਈ ਦੇ ਰਹੀ ਸੀ ਅਤੇ ਪੂਰਾ ਮਾਹੌਲ ਚੋਣੀ ਰੰਗ ਵਿਚ ਰੰਗਿਆ ਹੋਇਆ ਸੀ। ਬੱਸਾਂ ਦੀ ਵਿਵਸਥਾ ਘੱਟ ਪੈ ਗਈ ਪਾਰਟੀ ਆਗੂਆਂ ਦੇ ਮੁਤਾਬਕ ਰੈਲੀ ਵਿਚ ਸ਼ਾਮਲ ਹੋਣ ਲਈ ਲੋਕਾਂ ਦੀ ਗਿਣਤੀ ਉਮੀਦ ਨਾਲੋਂ ਕਾਫੀ ਵੱਧ ਸੀ। ਕਈ ਪਿੰਡਾਂ ਵਿਚ ਵਰਕਰਾਂ ਦੀ ਵੱਡੀ ਗਿਣਤੀ ਕਾਰਨ ਉਨ੍ਹਾਂ ਦੀ ਮੰਗ ਅਨੁਸਾਰ ਬੱਸਾਂ ਦਾ ਪੂਰਾ ਪ੍ਰਬੰਧ ਕਰਨਾ ਸੰਭਵ ਨਹੀਂ ਹੋ ਸਕਿਆ। ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਾਰੀਆਂ ਮੰਗਾਂ ਮੁਤਾਬਕ ਬੱਸਾਂ ਦਾ ਪ੍ਰਬੰਧ ਹੋ ਸਕਦਾ ਤਾਂ ਰੈਲੀ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਸੀ। ਰਸਤੇ ਵਿਚ ਬੱਸਾਂ ਰੋਕਣ ਦੇ ਲੱਗੇ ਦੋਸ਼ ਰੈਲੀ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਭਾਜਪਾ ਦੇ ਵਰਕਰਾਂ ਨੇ ਦੋਸ਼ ਲਗਾਇਆ ਕਿ ਰੈਲੀ ਵਿਚ ਆ ਰਹੇ ਵਰਕਰਾਂ ਦੀਆਂ ਬੱਸਾਂ ਨੂੰ ਕਈ ਥਾਵਾਂ ’ਤੇ ਰੋਕਿਆ ਗਿਆ ਹੈ ਅਤੇ ਕਈ ਥਾਵਾਂ ਉਨ੍ਹਾਂ ਦੇ ਰੂਟ ਵੀ ਬਦਲੇ ਗਏ ਹਨ। ਉਨ੍ਹਾਂ ਦੱਸਿਆ ਕਿ ਲਗਭਗ 1500 ਬੱਸਾਂ ਵਰਕਰਾਂ ਨਾਲ ਭਰੀਆਂ ਹੋਈਆਂ ਸੜਕਾਂ ’ਤੇ ਖੜ੍ਹੀਆਂ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਬੱਸਾਂ ਨੂੰ ਰੋਕਿਆ ਗਿਆ ਹੈ ਉੱਥੇ ਤੋਂ ਉਤਰ ਕੇ ਪੈਦਲ ਹੀ ਰੈਲੀ ਸਥਾਨ ਵੱਲ ਰਵਾਨਾ ਹੋ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਨੂੰ ਸੂਬੇ ਵਿਚ ਹੋ ਰਹੇ ਬਦਲਾਅ ਵਿਚ ਰੁਕਾਵਟ ਨਹੀਂ ਬਣਨਾ ਚਾਹੀਦਾ। ਦੂਜੇ ਪਾਸੇ ਰੈਲੀ ਸਥਾਨ ਦੇ ਬਾਹਰ ਵੀ ਕਈ ਥਾਵਾਂ ’ਤੇ ਬੱਸਾਂ ਰੋਕਣ ਨੂੰ ਲੈ ਕੇ ਭਾਜਪਾ ਵਰਕਰਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਤਿੱਖੀ ਨੋਕਝੋਕ ਦੇ ਮਾਮਲੇ ਵੀ ਸਾਹਮਣੇ ਆਏ। ਵਰਕਰਾਂ ਲਈ ਸੰਗੀਤ ਅਤੇ ਲੰਗਰ ਦੀ ਵਿਵਸਥਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰੈਲੀ ਸਥਾਨ ’ਤੇ ਲਗਭਗ ਦੁਪਹਿਰ 12 ਵਜੇ ਪਹੁੰਚਣ ਦਾ ਪ੍ਰੋਗਰਾਮ ਸੀ ਪਰ ਉਹ ਲਗਭਗ ਸਵਾ ਇਕ ਵਜੇ ਮੰਚ ’ਤੇ ਪਹੁੰਚੇ। ਇਸ ਦੌਰਾਨ ਸਵੇਰ ਤੋਂ ਪਹੁੰਚੇ ਵਰਕਰਾਂ ਨੂੰ ਬੋਰ ਹੋਣ ਤੋਂ ਬਚਾਉਣ ਲਈ ਮੈਦਾਨ ਵਿਚ ਸੰਗੀਤਕ ਪ੍ਰੋਗਰਾਮ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਗਾਇਕਾਂ ਵੱਲੋਂ ਪੰਜਾਬੀ ਗੀਤ ਗਾ ਕੇ ਮਾਹੌਲ ਨੂੰ ਰੌਣਕਮਈ ਬਣਾਇਆ ਗਿਆ। ਇਸ ਦੇ ਨਾਲ ਹੀ ਰੈਲੀ ਵਿਚ ਸ਼ਾਮਲ ਹੋਣ ਵਾਲੇ ਆਮ ਵਰਕਰਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਸੀ ਤਾਂ ਜੋ ਦੂਰ-ਦੂਰ ਤੋਂ ਆਏ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪਹਿਲਾਂ ਹੋਈ ਸਰਕਾਰੀ ਰੈਲੀ ਨਾਲ ਕੀਤੀ ਜਾ ਰਹੀ ਤੁਲਨਾ ਗੌਰਤਲਬ ਹੈ ਕਿ ਕੁੱਝ ਹਫ਼ਤੇ ਪਹਿਲਾਂ ਇਸੇ ਮੈਦਾਨ ਵਿਚ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਰੈਲੀ ਵੀ ਕੀਤੀ ਗਈ ਸੀ। ਇਸ ਕਰਕੇ ਕਈ ਲੋਕ ਭਾਜਪਾ ਦੀ ਇਸ ਰੈਲੀ ਵਿਚ ਇਕੱਠੀ ਹੋਈ ਭੀੜ ਦੀ ਉਸ ਰੈਲੀ ਨਾਲ ਵੀ ਤੁਲਨਾ ਕਰਦੇ ਨਜ਼ਰ ਆਏ। ਰਾਜਨੀਤਿਕ ਵਿਸ਼ਲੇਸ਼ਕਾਂ ਦੇ ਅਨੁਸਾਰ ਇਸ ਰੈਲੀ ਰਾਹੀਂ ਭਾਜਪਾ ਨੇ ਪੰਜਾਬ ਵਿਚ ਆਪਣੇ ਸੰਗਠਨ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਵਰਕਰਾਂ ਵਿਚ ਨਵਾਂ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਹੈ।