ਬੁਰੀ ਤਰ੍ਹਾਂ ਫਲਾਪ ਹੋਈ ਭਾਜਪਾ ਰੈਲੀ : ਬਿਲਾਸਪੁਰ
ਮੋਗਾ ਜ਼ਿਲ੍ਹੇ ਦੇ ਕਿਲੀ ਚਾਹਲਾਂ
Publish Date: Sat, 14 Mar 2026 05:30 PM (IST)
Updated Date: Sat, 14 Mar 2026 05:33 PM (IST)
- ਬੁਰੀ ਤਰ੍ਹਾਂ ਫਲਾਪ ਹੋਈ ਭਾਜਪਾ ਰੈਲੀ : ਵਿਧਾਇਕ ਬਿਲਾਸਪੁਰ
- ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬੀਆਂ ਨੂੰ ਕੀਤਾ ਨਿਰਾਸ਼
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ : ਮੋਗਾ ਜ਼ਿਲ੍ਹੇ ਦੇ ਕਿਲੀ ਚਾਹਲਾਂ ਪਿੰਡ ਵਿਚ ਕੀਤੀ ਗਈ ਭਾਜਪਾ ਦੀ ਰੈਲੀ ਬੁਰੀ ਤਰ੍ਹਾਂ ਫਲਾਪ ਸ਼ੋਅ ਸਾਬਤ ਹੋਈ ਹੈ। ਪੰਜਾਬੀਆਂ ਨੂੰ ਵੱਡੀਆਂ ਉਮੀਦਾਂ ਸਨ ਕਿ ਕੇਂਦਰ ਦੇ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸੂਬੇ ਲਈ ਵੱਡੇ ਪੈਕੇਜਾਂ ਦੇ ਐਲਾਨ ਕਰਨਗੇ ਪਰ ਉਨ੍ਹਾਂ ਦੇ ਭਾਸ਼ਣ ਨੇ ਪੰਜਾਬੀਆਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਅੱਜ ਦੀ ਭਾਜਪਾ ਰੈਲੀ ਬਾਰੇ ਆਪਣੀ ਇਹ ਪ੍ਰਤੀਕਿਰਿਆ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਪੰਜਾਬ ਵਾਸੀ ਨੂੰ ਭਾਜਪਾ ਦੇ ਚੋਟੀ ਦੇ ਇਸ ਲੀਡਰ ਤੋਂ ਵੱਡੀਆਂ ਉਮੀਦਾਂ ਸਨ ਪਰ ਲੋਕਾਂ ਦੇ ਪੱਲੇ ਸਿਰਫ਼ ਨਿਰਾਸ਼ਤਾ ਹੀ ਪਈ ਹੈ ਕਿਉਂਕਿ ਦੇਸ਼ ਦੀ ਖੜਗ ਭੁਜਾ ਅਤੇ ਅਨਾਜ ਭੰਡਾਰ ਵਜੋਂ ਜਾਣੇ ਜਾਂਦੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀ ਭਲਾਈ ਲਈ ਕੋਈ ਵੀ ਐਲਾਨ ਅਮਿਤ ਸ਼ਾਹ ਨੇ ਨਹੀਂ ਕੀਤਾ। ਵਿਧਾਇਕ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਹਿੰਦੂ ਸਿੱਖ ਏਕਤਾ ਦਾ ਰਾਗ ਅਲਾਪਿਆ ਗਿਆ ਹੈ ਜਦ ਕਿ ਸੱਚਾਈ ਇਹ ਹੈ ਕਿ ਗੁਰੂਆਂ ਤੋਂ ਵਰੋਸਾਈ ਇਸ ਜਰਖੇਜ਼ ਧਰਤੀ ਦੇ ਸਾਰੇ ਵਰਗਾਂ, ਫਿਰਕਿਆਂ, ਜਾਤਾਂ ਅਤੇ ਅਕੀਦਿਆਂ ਦੇ ਲੋਕ ਪ੍ਰੇਮ ਪਿਆਰ ਨਾਲ ਘਿਉ ਖਿੱਚੜੀ ਹੋ ਕੇ ਜ਼ਿੰਦਗੀ ਜਿਉਂ ਰਹੇ ਹਨ। ਵਿਧਾਇਕ ਨੇ ਭਾਜਪਾ ਲੀਡਰ ਵੱਲੋਂ ਧਰਮ ਪਰਿਵਰਤਨ ਨੂੰ ਬਹੁਤ ਜ਼ਿਆਦਾ ਤੂਲ ਦਿੱਤੇ ਜਾਣ ਨੂੰ ਨਿਰਮੂਲ ਦਸਦਿਆਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਸਥਿਤੀ ਅਜਿਹੀ ਨਹੀਂ ਹੈ। ਵਿਧਾਇਕ ਬਿਲਾਸਪੁਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹਰ ਵਰਗ ਦੀ ਬੇਹਤਰੀ ਲਈ ਮਿਸਾਲੀ ਕੰਮ ਕਰ ਰਹੀ ਹੈ ਜਿਸ ਤੋਂ ਸਾਰੇ ਸੂਬਾ ਵਾਸੀ ਸੰਤੁਸ਼ਟ ਅਤੇ ਖੁਸ਼ ਹਨ। ਇਸ ਲਈ ਪੰਜਾਬੀ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੀਆਂ ਚਿਕਨੀਆਂ ਚੋਪੜੀਆਂ ਵਿਚ ਨਹੀਂ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਪੰਜਾਬ ਦੀ ਵਾਂਗਡੋਰ ਮੁੜ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਥ ਆਵੇਗੀ।