ਭਾਜਪਾ ਵੱਲੋਂ ‘ਆਪ’ ਖ਼ਿਲਾਫ਼ ਪ੍ਰਦਰਸ਼ਨ, ਆਤਿਸ਼ੀ ਦਾ ਫੂਕਿਆ ਪੁਤਲਾ
ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ
Publish Date: Fri, 09 Jan 2026 06:16 PM (IST)
Updated Date: Sat, 10 Jan 2026 04:06 AM (IST)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫੇ ਦੀ ਕੀਤੀ ਮੰਗ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਸ਼ੁੱਕਰਵਾਰ ਨੂੰ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸੀਨੀਅਰ ਭਾਜਪਾ ਨੇਤਾ ਮਨਜੀਤ ਸਿੰਘ ਰਾਏ ਨੇ ਹਾਲ ਹੀ ਵਿੱਚ ਵਾਇਰਲ ਹੋਈਆਂ ਦੋ ਵੀਡੀਓਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਖ਼ਿਲਾਫ਼ ਫ਼ੌਰੀ ਤੌਰ ’ਤੇ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੁੱਨੇਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਰਾਇ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਆਤਿਸ਼ੀ ਵੱਲੋਂ ਸਿੱਖਾਂ ਦੇ ਸ੍ਰੀ ਗੁਰੂ ਸਾਹਿਬਾਨ ਪ੍ਰਤੀ ਵਰਤੇ ਗਏ ਸ਼ਬਦ ਬੇਹੱਦ ਨਿੰਦਣਯੋਗ ਅਤੇ ਸਿੱਖ ਮਰਿਆਦਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸੇ ਇਕ ਵਿਅਕਤੀ ਦਾ ਬਿਆਨ ਨਹੀਂ ਸਗੋਂ ਪੂਰੇ ਸਿੱਖ ਸਮਾਜ ਦੀ ਬੇਇੱਜ਼ਤੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਮਨਜੀਤ ਸਿੰਘ ਰਾਏ ਨੇ ਦੋਸ਼ ਲਗਾਇਆ ਕਿ ਇਸ ਗੰਭੀਰ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਲੀਡਰਾ ਵੱਲੋਂ ਲੰਮੇ ਸਮੇਂ ਤੱਕ ਚੁੱਪੀ ਸਾਧੀ ਗਈ। ਉਨ੍ਹਾਂ ਕਿਹਾ ਕਿ ਵੀਡੀਓਜ਼ ਵਾਇਰਲ ਹੋਣ ਦੇ ਬਾਵਜੂਦ ਪਾਰਟੀ ਵੱਲੋਂ ਕੋਈ ਸਪੱਸ਼ਟ ਸਥਿਤੀ ਸਾਹਮਣੇ ਨਹੀਂ ਰੱਖੀ ਗਈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਕਿ ਵੀਡੀਓ ਨਾਲ ਛੇੜਛਾੜ ਕਰਕੇ ਗਲਤ ਤੱਥ ਜੋੜੇ ਗਏ ਹਨ ਜੋ ਕਿ ਆਪਣੇ ਆਪ ਵਿਚ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਸਬੰਧੀ ਰਾਏ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਵੀਡੀਓਜ਼ ਨਾਲ ਛੇੜਛਾੜ ਹੋਈ ਹੈ ਤਾਂ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਵੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਜਾਂਚ ’ਚ ਭਾਜਪਾ ਦਾ ਕੋਈ ਵਿਅਕਤੀ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੇ ਵੀਡੀਓਜ਼ ਵਿਚ ਦਿਖਾਏ ਗਏ ਸ਼ਬਦ ਸਹੀ ਹਨ ਤਾਂ ਇਹ ਅਮਾਫ਼ੀਯੋਗ ਅਪਰਾਧ ਹੈ। ਭਾਜਪਾ ਨੇਤਾ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਆਤਿਸ਼ੀ ਖ਼ਿਲਾਫ਼ ਤੁਰੰਤ ਐਫ਼ਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਿੱਖ ਸਮਾਜ ਦੀਆਂ ਭਾਵਨਾਵਾਂ ਨਾਲ ਡਟ ਕੇ ਖੜ੍ਹੀ ਹੈ। ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਦੇ ਤੌਰ ’ਤੇ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਮਨਜੀਤ ਸਿੰਘ ਰਾਏ ਨੇ ਚੇਤਾਵਨੀ ਦਿੱਤੀ ਕਿ ਜੇ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਜਲਦੀ ਠੋਸ ਕਦਮ ਨਾ ਚੁੱਕੇ ਗਏ ਤਾਂ ਭਾਜਪਾ ਸੂਬਾ ਭਰ ਵਿੱਚ ਸੜਕਾਂ ’ਤੇ ਉਤਰ ਕੇ ਅੰਦੋਲਨ ਨੂੰ ਹੋਰ ਤਿੱਖਾ ਕਰੇਗੀ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਮੁਖਤਿਆਰ ਸਿੰਘ ਐਸਪੀ, ਸੁਖਜਿੰਦਰ ਸਿੰਘ ਵਾਂਦਰ ਅਤੇ ਸੂਰਜ ਭਾਨ ਧਾਲੀਵਾਲ ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ