ਭਾਜਪਾ ਮਹਿਲਾ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਲਾਲਜੀਤ ਭੁੱਲਰ ਦਾ ਫੂਕਿਆ ਪੁਤਲਾ
ਗਗਨਦੀਪ ਰੰਧਾਵਾ ਮਾਮਲੇ ਨੂੰ ਲੈ ਕੇ
Publish Date: Tue, 24 Mar 2026 03:42 PM (IST)
Updated Date: Wed, 25 Mar 2026 03:58 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਗਗਨਦੀਪ ਰੰਧਾਵਾ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਵੱਲੋਂ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਦੀ ਅਗਵਾਈ ਹੇਠ ਭਾਜਪਾ ਦਫ਼ਤਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਮਲਜੀਤ ਕੌਰ ਧੱਲੇਕੇ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ ਅਤੇ ਆਮ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਅਤੇ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ੍ਹ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਗਗਨਦੀਪ ਰੰਧਾਵਾ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਲਈ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ ਨੂੰ ਸੌਂਪਿਆ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਮਹਿਲਾ ਮੋਰਚਾ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰੇਗਾ। ਪ੍ਰਦਰਸ਼ਨ ਦੌਰਾਨ ਹੋਰ ਮਹਿਲਾ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਔਰਤਾਂ ਹੁਣ ਕਿਸੇ ਵੀ ਕਿਸਮ ਦੇ ਅਨਿਆ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇਕ ਪ੍ਰਦਰਸ਼ਨ ਨਹੀਂ ਸਗੋਂ ਲੋਕਾਂ ਦੇ ਹੱਕਾਂ ਅਤੇ ਇਨਸਾਫ਼ ਲਈ ਸ਼ੁਰੂ ਕੀਤਾ ਗਿਆ ਵੱਡਾ ਅੰਦੋਲਨ ਹੈ, ਜੋ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ। ਇਸ ਮੌਕੇ ਭਾਜਪਾ ਦੇ ਹੋਰ ਆਗੂਆਂ ਅਤੇ ਵਰਕਰਾਂ ਨੇ ਵੀ ਹਾਜ਼ਰੀ ਭਰੀ ਅਤੇ ਮਹਿਲਾ ਮੋਰਚਾ ਦੇ ਇਸ ਕਦਮ ਦੀ ਭਰਪੂਰ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾਂ ਲੋਕਾਂ ਦੇ ਹੱਕਾਂ ਲਈ ਖੜ੍ਹੀ ਰਹੀ ਹੈ ਅਤੇ ਅਗਾਂਹ ਵੀ ਖੜ੍ਹੀ ਰਹੇਗੀ। ਪ੍ਰਦਰਸ਼ਨ ਦੇ ਅੰਤ ਵਿਚ ਸਾਰੇ ਵਰਕਰਾਂ ਨੇ ਇਕਸੁਰ ਹੋ ਕੇ ਐਲਾਨ ਕੀਤਾ ਕਿ ਜਦੋਂ ਤੱਕ ਮਾਮਲੇ ਵਿਚ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਜਾਣਗੇ, ਜਿਨ੍ਹਾਂ ਵਿਚ ਮਹਿਲਾਵਾਂ ਦੀ ਭੂਮਿਕਾ ਹੋਰ ਵੀ ਮਜ਼ਬੂਤ ਹੋਵੇਗੀ। ਇਸ ਮੌਕੇ ਵਾਈਸ ਪ੍ਰਧਾਨ ਅਮਨਦੀਪ ਕੌਰ ਲੰਡੇਕੇ, ਨਿਸ਼ੂ ਕਾਜਲ, ਲਵਲੀ, ਬਲਜਿੰਦਰ ਕੌਰ, ਰਾਣੀ, ਦਲੀਪ ਕੌਰ, ਗੁਰਮੀਤ ਕੌਰ, ਰੁਪਿੰਦਰ ਕੌਰ ਵਾਦਰ, ਹਰਮੀਤ ਕੌਰ, ਮਨਜੀਤ ਕੌਰ, ਇਕਬਾਲ ਕੌਰ, ਰਾਣੋ, ਬੇਅੰਤ ਕੌਰ, ਨਿਰਮਲਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।