- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ

ਭਾਜਪਾ ਨੇ ਦਿੱਲੀ ਦੀ ਸਾਬਕਾ ਸੀਐੱਮ ਆਤਿਸ਼ੀ ਦਾ ਪੁਤਲਾ ਫੂਕਿਆ
ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ, ਬੱਧਨੀ ਕਲਾਂ : ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵਲੋਂ ਸਿੱਖ ਗੁਰੂ ਸਾਹਿਬਾਨ ਦੇ ਸਨਮਾਨ ਸਬੰਧੀ ਕੀਤੀ ਗਈ ਟਿੱਪਣੀ ਨੇ ਪੂਰੇ ਸਿੱਖ ਸਮਾਜ ਹੀ ਨਹੀਂ ਸਗੋਂ ਦੇਸ਼ ਭਰ ਵਿਚ ਤੀਖ਼ੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ। ਇਸ ਬਿਆਨ ਨੂੰ ਅਪਮਾਨਜਨਕ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਬੱਧਨੀ ਕਲਾਂ ਵਿਚ ਰੋਸ ਪ੍ਰਦਰਸ਼ਨ ਕਰਕੇ ਆਤਿਸ਼ੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਐਸਪੀ ਮੁਖਤਿਆਰ ਸਿੰਘ ਸੰਧੂ ਨੇ ਕਿਹਾ ਕਿ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਬਾਰੇ ਦਿੱਤਾ ਗਿਆ ਬਿਆਨ ਉਸਦੀ ਘੋਰ ਅਗਿਆਨਤਾ ਅਤੇ ਘਟੀਆ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੇ ਬਲਿਦਾਨ ਉਪਦੇਸ਼ ਮਰਿਆਦਾ ਅਤੇ ਸਤਿਕਾਰ ਸਿੱਖ ਕੌਮ ਲਈ ਲਕੀਰਾਂ ਹਨ ਅਤੇ ਇਨ੍ਹਾਂ ਨੂੰ ਲੰਘਣ ਦੀ ਹਿੰਮਤ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੋਸ਼ ਲਗਾਇਆ ਕਿ ਆਤਿਸ਼ੀ ਦਾ ਇਹ ਬੇਤੁੱਕਾ ਅਤੇ ਭੜਕਾਉਂਦਾ ਬਿਆਨ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿਆਸੀ ਲਾਭ ਲੈਣ ਦੀ ਨਿੰਦਣਯੋਗ ਕੋਸ਼ਿਸ਼ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਮਾਮਲੇ ’ਤੇ ਚੁੱਪੀ ਸਾਧਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਅਜਿਹੀ ਸੋਚ ਨੂੰ ਮੌਨ ਸਮਰਥਨ ਦੇ ਰਹੀ ਹੈ ਜੋ ਕਿਸੇ ਵੀ ਸੂਰਤ ਕਬੂਲਯੋਗ ਨਹੀਂ। ਐਸਪੀ ਮੁਖਤਿਆਰ ਸਿੰਘ ਸੰਧੂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਤੁਰੰਤ ਆਤਿਸ਼ੀ ਖ਼ਿਲਾਫ਼ ਕਾਰਵਾਈ ਕਰੇ ਅਤੇ ਉਹ ਜਨਤਕ ਤੌਰ ’ਤੇ ਬਿਨ੍ਹਾਂ ਕਿਸੇ ਸ਼ਰਤ ਸਿੱਖ ਕੌਮ ਤੋਂ ਮਾਫ਼ੀ ਮੰਗੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਪਾਰਟੀ ਇਸ ਘਿਨੌਣੇ ਬਿਆਨ ਨਾਲ ਸਹਿਮਤ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਨਾਲ ਬੇਅਦਬੀ ਕਰਨ ਵਾਲੇ ਹਰ ਨੇਤਾ ਅਤੇ ਪਾਰਟੀ ਦਾ ਸਮਾਜਕ ਬਾਇਕਾਟ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖ ਮਰਿਆਦਾ ’ਤੇ ਉਂਗਲ ਚੁੱਕਣ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਦੋ ਟੋਕ ਕਿਹਾ ਕਿ ਸਿੱਖ ਧਰਮ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਾ ਮਾਫ਼ ਕੀਤਾ ਜਾਵੇਗਾ ਅਤੇ ਨਾ ਹੀ ਭੁਲਾਇਆ ਜਾਵੇਗਾ। ਅੰਤ ਵਿਚ ਉਨ੍ਹਾਂ ਦੁਹਰਾਇਆ ਕਿ ਪੰਜਾਬ ਭਾਜਪਾ ਸਿੱਖ ਸਨਮਾਨ ਪਰੰਪਰਾ ਅਤੇ ਮਰਿਆਦਾ ਦੀ ਰੱਖਿਆ ਲਈ ਹਰ ਮੋਰਚੇ ’ਤੇ ਡੱਟ ਕੇ ਖੜੀ ਹੈ ਅਤੇ ਇਸ ਮਸਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਨੇ ਕੁਮਾਰ ਸਾਬਕਾ ਜ਼ਿਲ੍ਹਾ ਪ੍ਰਧਾਨ, ਵਿੱਕੀ ਸਿਤਾਰਾ ਜਨਰਲ ਸੈਕਟਰੀ, ਮੰਡਲ ਪ੍ਰਧਾਨ ਹੈਪੀ ਢੇਸੀ ਬੱਧਨੀ ਕਲਾਂ ਮੰਡਲ ਪ੍ਰਧਾਨ, ਅਮਰੀਕ ਸਿੰਘ ਮੰਡਲ ਪ੍ਰਧਾਨ ਅਜੀਤ ਵਾਲ, ਮਲਕੀਤ ਸਿੰਘ ਸਾਬਕਾ ਸਰਪੰਚ ਲੋਹਾਰਾ, ਲਖਬੀਰ ਸਿੰਘ ਪ੍ਰਧਾਨ, ਵਿਨੋਦ ਕੁਮਾਰ ਬਿਲਾਸਪੁਰ ਸੀਨੀਅਰ ਆਗੂ,ਪ੍ਰਦੀਪ ਕੁਮਾਰ ਲਾਡੀ ਬੱਧਨੀ ਅਤੇ ਸੋਨੀ ਭੱਟੀ ਮੰਡਲ ਪ੍ਰਧਾਨ ਨਿਹਾਲ ਸਿੰਘ ਵਾਲਾ ਆਦਿ ਹਾਜ਼ਰ ਸਨ।