ਮੁਖਤਿਆਰ ਸੰਧੂ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਦੀ ਨਿਖੇਧੀ
ਭਾਰਤੀ ਜਨਤਾ ਪਾਰਟੀ ਦੇ
Publish Date: Sun, 08 Feb 2026 04:21 PM (IST)
Updated Date: Mon, 09 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਐੱਸਪੀ ਮੁਖਤਿਆਰ ਸਿੰਘ ਸੰਧੂ ਨੇ ਕੁੱਲ ਹਿੰਦ ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਸਿਰਫ਼ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹਨ ਅਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾਲ ਲੋਕਤੰਤਰਿਕ ਮਰਿਆਦਾ ਨੂੰ ਠੇਸ ਪਹੁੰਚਦੀ ਹੈ। ਸੰਧੂ ਨੇ ਆਖਿਆ ਕਿ ਦੇਸ਼ ਦੇ ਰੇਲ ਮੰਤਰੀ ਵਜੋਂ ਰਵਨੀਤ ਸਿੰਘ ਬਿੱਟੂ ਲੋਕਾਂ ਦੀ ਸੇਵਾ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਛਵੀ ਨੂੰ ਖ਼ਰਾਬ ਕਰਨ ਲਈ ਬੇਬੁਨਿਆਦ ਬਿਆਨਬਾਜ਼ੀ ਕਰਨਾ ਨਿੰਦਣਯੋਗ ਹੈ। ਐੱਸਪੀ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਜਿਹੇ ਵਿਵਾਦਿਤ ਬਿਆਨ ਦਿੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਨਾ ਤਾਂ ਲੋਕਾਂ ਦੇ ਮੁੱਦਿਆਂ ਦਾ ਹੱਲ ਹੈ ਅਤੇ ਨਾ ਹੀ ਵਿਕਾਸ ਲਈ ਕੋਈ ਠੋਸ ਯੋਜਨਾ ਹੈ, ਇਸ ਕਰਕੇ ਉਹ ਸਿਰਫ਼ ਬਿਆਨਬਾਜ਼ੀ ਦੇ ਰਾਹੀਂ ਸਿਆਸੀ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕ ਹੁਣ ਅਜਿਹੀਆਂ ਸਿਆਸੀ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਸਮਾਂ ਆਉਣ ’ਤੇ ਇਸਦਾ ਜਵਾਬ ਵੀ ਦੇਣਗੇ। ਸੰਧੂ ਨੇ ਆਖਿਆ ਕਿ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਬਾਰੇ ਬਿਨਾਂ ਤੱਥਾਂ ਦੇ ਬਿਆਨ ਦੇਣਾ ਨਾ ਸਿਰਫ਼ ਗਲਤ ਹੈ, ਸਗੋਂ ਇਸ ਨਾਲ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਹਰ ਉਸ ਬਿਆਨ ਦਾ ਵਿਰੋਧ ਕਰੇਗੀ ਜੋ ਬਿਨ੍ਹਾਂ ਸਬੂਤਾਂ ਦੇ ਕਿਸੇ ਮੰਤਰੀ ਜਾਂ ਸੰਵਿਧਾਨਕ ਅਹੁਦੇਦਾਰ ਖ਼ਿਲਾਫ਼ ਦਿੱਤਾ ਜਾਵੇ। ਸੰਧੂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਨੂੰ ਆਪਣੇ ਬਿਆਨਾਂ ਲਈ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਸਿਆਸਤ ਨੂੰ ਨੀਵਾਂ ਕਰਨ ਦੀ ਬਜਾਏ ਲੋਕਾਂ ਦੇ ਹਿੱਤਾਂ ਲਈ ਜ਼ਿੰਮੇਵਾਰ ਭੂਮਿਕਾ ਨਿਭਾਉਣੀ ਚਾਹੀਦੀ ਹੈ।