ਮੋਗਾ 'ਚ ਵਾਂਦਰ ਪਿੰਡ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਾਇਆ ਮਤਾ
ਮੋਗਾ ਜ਼ਿਲ੍ਹੇ ਪਿੰਡ ਵਾਂਦਰ ਵਿਚ ਪਿੰਡ
Publish Date: Wed, 15 Apr 2026 04:34 PM (IST)
Updated Date: Thu, 16 Apr 2026 04:00 AM (IST)

17 ਅਪ੍ਰੈਲ ਤੋਂ ਪਹਿਲਾਂ ਪਿੰਡ ’ਚ ਕਿਸਾਨ ਨਹੀਂ ਬਣਾਏਗਾ ਰੀਪਰ ਨਾਲ ਤੂੜੀ, 30 ਹਜਾਰ ਤੱਕ ਦਾ ਜੁਰਮਾਨਾ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ਪਿੰਡ ਵਾਂਦਰ ਵਿਚ ਪਿੰਡ ਦੀ ਪੰਚਾਇਤ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅਹਿਮ ਮਤਾ ਪਾ ਕਿ ਇਕ ਵੱਡਾ ਫ਼ੈਸਲਾ ਕਿਸਾਨਾਂ ਦੇ ਹੱਕ ਵਿਚ ਲਿਆ ਹੈ। ਸਰਪੰਚ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਕਿਸਾਨਾਂ ਨੂੰ ਮਤਾ ਪਾਸ ਕਰਕੇ 17 ਅਪ੍ਰੈਲ ਤੱਕ ਕਣਕ ਦੀ ਨਾੜ ਤੋਂ ਤੂੜੀ ਬਣਾਉਣ ਤੇ ਰੋਕ ਲਗਾ ਦਿੱਤੀ ਹੈ। ਸਰਪੰਚ ਡਾ ਜੋਰਾ ਸਿੰਘ ਨੇ ਦੱਸਿਆ ਕਿ ਦੇਖਣ ਵਿਚ ਆਉਂਦਾ ਹੈ ਕਿ ਸੂਬੇ ਵਿਚ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਮਸ਼ੀਨ ਨਾਲ ਕਰਕੇ ਅਗਲੇ ਦਿਨ ਹੀ ਰੀਪਰ ਤੂੜੀ ਵਾਲੀ ਮਸ਼ੀਨ ਨਾਲ ਕਣਕ ਦੇ ਨਾੜ ਤੋਂ ਤੂੜੀ ਬਣਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਅਜਿਹਾ ਕਰਨ ਨਾਲ ਕਣਕ ਦੇ ਨਾੜ ਤੋਂ ਤੂੜੀ ਬਣਾਉਣ ਸਮੇਂ ਮਸ਼ੀਨ ਚੋਂ ਨਿਕਲੀ ਚੰਗਿਆੜੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਇਸ ਨਾਲ ਕਣਕ ਦਾ ਨੁਕਸਾਨ ਹੁੰਦਾ ਹੈ। ਸਰਪੰਚ ਡਾ ਜੋਰਾ ਸਿੰਘ ਨੇ ਦੱਸਿਆਂ ਕਿ ਮਤੇ ਵਿਚ ਉਲੰਘਣਾ ਕਰਨ ਵਾਲੇ ਕਿਸਾਨਾਂ ਅਤੇ ਤੂੜੀ ਬਣਾਉਣ ਵਾਲੇ ਮਸ਼ੀਨ ਮਾਲਕਾਂ ਨੂੰ 30 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸਰਪੰਚ ਡਾ ਜੋਰਾ ਸਿੰਘ ਨੇ ਇਸ ਮਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਤਾ ਇਸ ਲਈ ਪਾਇਆ ਗਿਆ ਹੈ ਤਾਂ ਕਿ ਭਵਿੱਖ ਵਿਚ ਕਿਸੇ ਕਿਸਾਨ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਹ ਮਤਾ ਪਾਉਣ ਸਮੇਂ ਪਿੰਡ ਦੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਪਿੰਡ ਵਿਚ ਜੋ ਕਿਸਾਨ ਰੀਪਰ ਨਾਲ ਤੂੜੀ ਬਣਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਵੀ ਭਰੋਸੇ ਵਿਚ ਲਿਆ ਗਿਆ ਹੈ। ਸਰਪੰਚ ਡਾ ਜੋਰਾ ਸਿੰਘ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਸ ਮਤੇ ਦੀ ਜਿੱਥੇ ਪਿੰਡ ਵਾਸੀਆਂ ਨੇ ਸਹਿਮਤੀ ਜਾਹਰ ਕੀਤੀ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਅਤੇ ਰੀਪਰ ਨਾਲ ਤੂੜੀ ਬਣਾਉਣ ਵਾਲੇ ਮਸ਼ੀਨ ਮਾਲਕਾਂ ਨੇ ਵੀ ਹਾਮੀ ਭਰੀ ਹੈ। ਅਜਿਹੇ ਮਤੇ ਨਾਲ ਰੁਕ ਸਕਦੀਆਂ ਹਨ ਅੱਗ ਦੀਆਂ ਘਟਨਾਵਾਂ : ਪਿੰਡ ਵਾਸੀ ਜਦੋਂ ਪੰਜਾਬੀ ਜਾਗਰਣ ਨੇ ਪਿੰਡ ਅਤੇ ਆਸ ਪਾਸ ਦੇ ਇਲਾਕੇ ਵਿਚ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਪਿੰਡ ਵਾਂਦਰ ਦੀ ਪੰਚਾਇਤ, ਕਿਸਾਨ ਜਥੇਬੰਦੀਆਂ ਅਤੇ ਰੀਪਰ ਮਾਲਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਇਸ ਪਿੰਡ ਵਾਂਗ ਹੋਰ ਵੀ ਪੰਚਾਇਤਾਂ ਨਾਲ ਨਾਲ ਜਥੇਬੰਦੀਆਂ ਅਤੇ ਰੀਪਰ ਮਾਲਕ ਅਜਿਹਾ ਕਰਨ ਤਾਂ ਇਕੱਲੇ ਪਿੰਡਾਂ ਵਿਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਅੱਗ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਤੇ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਫਸਲ ਸਹੀ ਸਲਾਮਤ ਘਰਾਂ ’ਚ ਆ ਸਕਦੀ ਹੈ।