ਗਿੱਲ ਪਰਿਵਾਰ ਘੱਲ ਕਲਾਂ ਵੱਲੋਂ ਕਿਸਾਨ ਏਕਤਾ ਨੂੰ ਵੱਡਾ ਯੋਗਦਾਨ
ਕਿਸਾਨ ਹੱਕਾਂ ਦੀ ਲੜਾਈ ਅਤੇ ਸਮਾਜਕ
Publish Date: Tue, 17 Feb 2026 04:12 PM (IST)
Updated Date: Wed, 18 Feb 2026 04:00 AM (IST)

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਜ਼ਿਲ੍ਹਾ ਮੋਗਾ ਨੂੰ ਸਕੋਰਪੀਓ ਗੱਡੀ ਭੇਟ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਕਿਸਾਨ ਹੱਕਾਂ ਦੀ ਲੜਾਈ ਅਤੇ ਸਮਾਜਕ ਸੇਵਾ ਦੇ ਮੈਦਾਨ ਵਿਚ ਇਕ ਵੱਡੀ ਮਿਸਾਲ ਕਾਇਮ ਕਰਦਿਆਂ ਘੱਲ ਕਲਾਂ ਦੇ ਗਿੱਲ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਨੂੰ ਸਕੋਰਪੀਓ ਗੱਡੀ ਸੇਵਾ ਵਜੋਂ ਭੇਟ ਕਰ ਕੇ ਸੰਘਰਸ਼ਸ਼ੀਲ ਕਿਸਾਨ ਅੰਦੋਲਨ ਨੂੰ ਨਵੀਂ ਤਾਕਤ ਬਖ਼ਸ਼ੀ ਹੈ। ਯੂਐੱਸਏ ’ਚ ਰਹਿੰਦੇ ਗੁਰਪ੍ਰੀਤ ਸਿੰਘ ਸਪੁੱਤਰ ਪਾਲ ਸਿੰਘ ਅਤੇ ਪਰਿਵਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਨਾ ਸਿਰਫ਼ ਯੂਨੀਅਨ ਲਈ ਸਹੂਲਤ ਹੈ, ਸਗੋਂ ਕਿਸਾਨ ਏਕਤਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਬਣ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਪਾਲ ਸਿੰਘ ਘੱਲ ਕਲਾਂ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨਾਲ ਪੁਰਾਣਾ ਤੇ ਮਜ਼ਬੂਤ ਨਾਤਾ ਹੈ। ਉਹ ਦਾਅ ਉਮਰ ਯੂਨੀਅਨ ਦੇ ਅਹੁਦੇਦਾਰ ਰਹਿ ਚੁੱਕੇ ਹਨ ਅਤੇ ਅੱਜ ਵੀ ਨਵੀਂ ਪੀੜ੍ਹੀ ਨੂੰ ਸੰਘਰਸ਼ ਅਤੇ ਸੇਵਾ ਦੇ ਰਸਤੇ ‘ਤੇ ਅੱਗੇ ਵਧਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਯੂਨੀਅਨ ਦੇ ਦਫ਼ਤਰ ਦੀ ਉਸਾਰੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਵੱਡੀ ਰਕਮ ਦਾਨ ਕੀਤੀ ਗਈ ਸੀ। ਇਸ ਕਾਰਨ ਉਹ ਇਲਾਕੇ ਵਿੱਚ ਸੇਵਾ ਅਤੇ ਦਿਲਦਾਰੀ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ। ਵਾਹਨ ਦੀ ਲੋੜ ਸੰਘਰਸ਼ ਨੂੰ ਮਿਲੀ ਰਫ਼ਤਾਰ ਜ਼ਿਲ੍ਹਾ ਪੱਧਰ ‘ਤੇ ਕਿਸਾਨ ਮਸਲਿਆਂ, ਸਮਾਜਕ ਸੇਵਾਵਾਂ, ਧਰਨਿਆਂ, ਮੀਟਿੰਗਾਂ ਅਤੇ ਜਰੂਰੀ ਮੌਕਿਆਂ ‘ਤੇ ਤੁਰੰਤ ਪਹੁੰਚਣ ਲਈ ਯੂਨੀਅਨ ਨੂੰ ਇਕ ਸਾਂਝੀ ਗੱਡੀ ਦੀ ਘਾਟ ਮਹਿਸੂਸ ਹੋ ਰਹੀ ਸੀ। ਇਹ ਗੱਲ ਸਾਹਮਣੇ ਆਉਣ ‘ਤੇ ਸਰਦਾਰ ਪਾਲ ਸਿੰਘ ਨੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ (ਯੂਐੱਸਏ) ਨਾਲ ਸਲਾਹ ਕਰਕੇ ਘਰ ਵਿਚ ਨਿੱਜੀ ਵਰਤੋਂ ਲਈ ਰੱਖੀ ਸਕੋਰਪੀਓ ਗੱਡੀ ਯੂਨੀਅਨ ਨੂੰ ਸੇਵਾ ਵਜੋਂ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੂੰ ਆਪਣੇ ਘਰ ਬੁਲਾ ਕੇ ਸਨਮਾਨ ਸਹਿਤ ਗੱਡੀ ਦੀਆਂ ਚਾਬੀਆਂ ਭੇਟ ਕੀਤੀਆਂ। ਇਸ ਸਮਾਗਮ ਦੌਰਾਨ ਕਈ ਕਿਸਾਨ ਆਗੂ ਅਤੇ ਸਮਾਜਕ ਪ੍ਰਤਿਨਿਧੀ ਮੌਜੂਦ ਸਨ, ਜਿਨ੍ਹਾਂ ਵਿਚ ਭੁਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਡਰੋਲੀ ਭਾਈ ਬਲਾਕ ਪ੍ਰਧਾਨ, ਰਾਜਪਾਲ ਸਿੰਘ ਜਗਤਾਰ ਸਿੰਘ ਚੋਟੀਆਂ ਖੁਰਦ ਸੀਨੀਅਰ ਮੀਤ ਪ੍ਰਧਾਨ, ਮੇਜਰ ਸਿੰਘ ਡਰੋਲੀ, ਸੁਖਜਿੰਦਰ ਸਿੰਘ ਚੋਟੀਆਂ ਖੁਰਦ ਅਤੇ ਹੋਰ ਕਿਸਾਨ ਆਗੂ ਸ਼ਾਮਲ ਸਨ।