ਅਕਾਲੀ ਦਲ ਵੱਲੋਂ ਕੀਤਾ ਪ੍ਰਚਾਰ ਨਿੰਦਣਯੋਗ : ਹਰੀ ਸਿੰਘ
ਸ਼੍ਰੌਮਣੀ ਅਕਾਲੀ ਦਲ ਦੇ
Publish Date: Wed, 04 Feb 2026 04:07 PM (IST)
Updated Date: Thu, 05 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਪਿੰਡ ਬੁੱਟਰ ਵਿਖੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਸ਼੍ਰੌਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਨ ਸਮੇਂ ਕੀਤੇ ਗਏ ਪ੍ਰਚਾਰ ਕਿ ਇਹ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ, ਦੀ ਨਿਖੇਧੀ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਅੱਜ ਇੱਥੇ ਕਿਹਾ ਕਿ ਬੀਬੀ ਰਾਜਵਿੰਦਰ ਕੌਰ ਭਾਗੀਕੇ 2012 ਤੋਂ 2017 ਤੱਕ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੌਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਹਨ ਅਤੇ 2017 ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਅਤੇ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਅਤੇ ਚੋਣ ਹਾਰ ਗਏ । ਇਸ ਮਗਰੋਂ 2022 ਦੀਆਂ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਸਾਲ 2021 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਲਾਹਿਆ ਗਿਆ ਤਾਂ ਬੀਬੀ ਭਾਗੀਕੇ ਨੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਅੱਡ ਹੋ ਕੇ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ । ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਵਿਚ ਮਰਜ਼ ਕਰ ਦਿੱਤਾ ਸੀ । ਇਸ ਸਮੇਂ ਵੀ ਬੀਬੀ ਭਾਗੀਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ, ਉਹ ਉਦੋਂ ਤੋਂ ਹੀ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਸਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਹੁਰਾ ਸਾਹਿਬ ਜਥੇਦਾਰ ਜੋਰਾ ਸਿੰਘ ਭਾਗੀਕੇ ਵੀ ਇਸ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਤੇ ਖੁਦ ਬੀਬੀ ਵੀ ਇਸ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ । ਇਸ ਤਰ੍ਹਾਂ ਉੇਨ੍ਹਾਂ ਨੇ ਕਾਂਗਰਸ ਪਾਰਟੀ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਵੱਖਰੀ ਪਾਰਟੀ ਸਮੇਂ ਹੀ ਛੱਡ ਦਿੱਤੀ ਸੀ ਅਤੇ ਹੁਣ ਉਹ ਕਾਂਗਰਸ ਦਾ ਹਿੱਸਾ ਨਹੀਂ ਸਨ । ਉਨ੍ਹਾਂ ਕਿਹਾ ਕਿ ਬੀਬੀ ਭਾਗੀਕੇ ਅਕਾਲੀ ਦਲ ਵਿਚੋਂ ਹੀ ਗਏ ਸਨ ਅਤੇ ਅਕਾਲੀ ਦਲ ਵਿਚ ਹੀ ਵਾਪਿਸ ਆ ਗਏ ਹਨ । ਇਸ ਸਮੇਂ ਹੋਰ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਕੋਈ ਵੀ ਵਿਅਕਤੀ ਕਦੇ ਵੀ ਕਾਂਗਰਸ ਦਾ ਹਿੱਸਾ ਨਹੀਂ ਸਨ । ਉਹ ਸ਼੍ਰੌਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ‘ਪੁਨਰ ਸੁਰਜੀਤ’ ਵਿਚ ਸ਼ਾਮਿਲ ਹੋਏ ਅਤੇ ਹੁਣ ਫ਼ਿਰ ਸ਼੍ਰੋਮਣੀ ਅਕਾਲੀ ਦਲ ’ਚ ਵਾਪਿਸ ਆ ਗਏ ਹਨ । ਇਸ ਤਰ੍ਹਾਂ ਉਕਤ ਆਗੂਆਂ ਦਾ ਵੀ ਕਾਂਗਰਸ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ ਸੀ ।