- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫ਼ਤਰ ਮੋਗਾ ਵਿਖੇ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਕਿਸਾਨੀ ਨਾਲ ਜੁੜੇ ਤਾਜ਼ਾ ਅਤੇ ਭਖਦੇ ਮਸਲਿਆਂ ’ਤੇ ਗੰਭੀਰ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸੰਘਰਸ਼ਾਂ ਲਈ ਦਿਸ਼ਾ-ਨਿਰਦੇਸ਼ ਤੈਅ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਅਤੇ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਗਤ ਧੰਨਾ ਜੱਟ ਦੇ ਜਨਮ ਦਿਹਾੜੇ ਨੂੰ ਸਮਰਪਿਤ 10 ਅਪ੍ਰੈਲ ਨੂੰ ਮੋਗਾ ਵਿਖੇ ਇਕ ਵਿਸ਼ਾਲ ਕਿਸਾਨ ਰੈਲੀ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਹੈ, ਜਿਸ ਦੀਆਂ ਤਿਆਰੀਆਂ ਹੁਣ ਜ਼ੋਰਾਂ ’ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਆਗੂਆਂ ਨੇ ਦੱਸਿਆ ਕਿ ਇਹ ਰੈਲੀ ਸਿਰਫ਼ ਇਕ ਇਕੱਠ ਨਹੀਂ ਹੋਵੇਗੀ, ਸਗੋਂ ਕਿਸਾਨੀ ਹੱਕਾਂ ਲਈ ਇੱਕ ਵੱਡਾ ਸੰਘਰਸ਼ਕ ਮੰਚ ਸਾਬਤ ਹੋਵੇਗੀ, ਜਿੱਥੇ ਦੇਸ਼ ਦੇ ਮੰਨੇ-ਪ੍ਰਮੰਨੇ ਕਿਸਾਨ ਆਗੂ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਨਗੇ। ਇਸ ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਕੇਂਦਰੀ ਲੀਡਰਸ਼ਿਪ, ਜਿਸ ਵਿੱਚ ਪ੍ਰਸਿੱਧ ਕਿਸਾਨ ਆਗੂ ਰਾਕੇਸ਼ ਟਕੈਤ, ਸੂਬਾ ਪ੍ਰਧਾਨ ਸਰਦਾਰ ਹਰਿੰਦਰ ਸਿੰਘ ਲੱਖੋਵਾਲ ਅਤੇ ਯੁੱਧਵੀਰ ਸਿੰਘ ਸਮੇਤ ਹੋਰ ਬੁੱਧੀਜੀਵੀ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ, ਮੋਹਨ ਸਿੰਘ ਜੀਂਦੜਾ, ਸੂਰਤ ਸਿੰਘ ਕਾਦਰ ਵਾਲਾ, ਜਰਨੈਲ ਸਿੰਘ ਤਖਾਣਵੱਧ, ਹਰਨੇਕ ਸਿੰਘ ਫਤਿਹਗੜ੍ਹ, ਮੰਦਰਜੀਤ ਸਿੰਘ ਮਨਾਵਾ, ਉਨਸ਼ਾਸਨੀ ਕਮੇਟੀ ਦੇ ਹਰਜੀਤ ਸਿੰਘ ਮਨਾਵਾਂ, ਸਾਬਕਾ ਸਰਪੰਚ ਇਕਬਾਲ ਸਿੰਘ ਘਲੋਟੀ ਅਤੇ ਗੁਰਜੰਟ ਸਿੰਘ ਗਗੜਾ ਸਮੇਤ ਕਈ ਆਗੂਆਂ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਵਰਗ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਆਉਣ ਵਾਲੀ ਰੈਲੀ ਵਿਚ ਕਿਸਾਨਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਮੌਜੂਦਾ ਹਾਲਾਤਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ ਖੁਰਦ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲ ਪੁਰੀ, ਡਾ. ਸਰਬਜੀਤ ਸਿੰਘ ਬਗੇਲਾ, ਸੁਖਵੰਤ ਸਿੰਘ ਖੋਟੇ, ਲਖਵਿੰਦਰ ਸਿੰਘ ਰੌਲੀ, ਮੋਦਨ ਸਿੰਘ ਨਿਧਾਂ ਵਾਲਾ, ਜਸਵਿੰਦਰ ਸਿੰਘ ਚੁਗਾਵਾਂ, ਬਲਾਕ ਪ੍ਰਧਾਨ ਗੁਰਦੇਵ ਸਿੰਘ ਬਰਾੜ, ਬੰਤ ਸਿੰਘ ਨਿਧਾਂ ਵਾਲਾ, ਮੇਜਰ ਸਿੰਘ ਬਰਾੜ, ਦਰਸ਼ਨ ਸਿੰਘ, ਬਲਾਕ ਪ੍ਰਧਾਨ ਮੋਗਾ-2 ਸੁਖਵੀਤ ਸਿੰਘ, ਮਨਪ੍ਰੀਤ ਸਿੰਘ ਸੰਧੂ, ਗੁਰਸੇਵਕ ਸਿੰਘ ਬਾਘਾ ਪੁਰਾਣਾ, ਕੁਲਵਿੰਦਰ ਸਿੰਘ ਚੁਗਾਵਾਂ, ਅਮਰਜੀਤ ਸਿੰਘ ਮਾਣੂਕੇ, ਜਗਦੇਵ ਸਿੰਘ ਮਾਣੂਕੇ, ਮਨਵੀਰ ਸਿੰਘ ਮਾਣੂਕੇ, ਬਲਦੇਵ ਸਿੰਘ ਮੋਗਾ ਅਤੇ ਜਗਮੋਹਣ ਸਿੰਘ ਲੋਪੋ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਮੌਜੂਦ ਰਹੇ। ਮੀਟਿੰਗ ਦੇ ਅੰਤ ਵਿਚ ਸਾਰੇ ਆਗੂਆਂ ਨੇ ਇਕਜੁਟ ਹੋ ਕੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਅਪ੍ਰੈਲ ਨੂੰ ਮੋਗਾ ਵਿਖੇ ਹੋਣ ਵਾਲੀ ਇਸ ਇਤਿਹਾਸਕ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਬਣਾਇਆ ਜਾਵੇ ਅਤੇ ਆਪਣੇ ਹੱਕਾਂ ਦੀ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇ।