ਆਰਕੇਐੱਸ ਸਕੂਲ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਆਰਕੇਐਸ ਸੀਨੀਅਰ ਸੈਕੰਡਰੀ
Publish Date: Fri, 23 Jan 2026 04:11 PM (IST)
Updated Date: Sat, 24 Jan 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਆਰਕੇਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਬਸੰਤ ਪੰਚਮੀ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਵਿੱਦਿਆ ਦੀ ਦੇਵੀ ਸਰਸਵਤੀ ਮਾਂ ਦੀ ਪੂਜਾ ਕੀਤੀ ਗਈ। ਉਪਰੰਤ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ। ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਭਜਨ ਗਾਇਨ ਕੀਤਾ ਗਿਆ। ਇਹ ਤਿਉਹਾਰ ਛੇਵੀਂ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ। ਅੱਠਵੀਂ ਜਮਾਤ ਦੀ ਵਿਦਿਆਰਥਣ ਏਕਮਜੋਤ ਕੌਰ ਨੇ ਬਸੰਤ ਪੰਚਮੀ ਤੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਬਸੰਤ ਪੰਚਮੀ ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ ਜੋ ਕਿ ਰੁੱਤ ਬਦਲਣ ਦੀ ਸ਼ੁਰੂਆਤ ਦਾ ਸੰਕੇਤ ਹੈ। ਇਹ ਗਿਆਨ, ਸੰਗੀਤ, ਕਲਾ ਅਤੇ ਨਵ-ਜੀਵਨ, ਹਰਿਆਲੀ ਦਾ ਪ੍ਰਤੀਕ ਹੈ। ਇਸ ਤਿਉਹਾਰ ਤੇ ਲੋਕ ਪੀਲੇ ਰੰਗ ਦਾ ਪਹਿਰਾਵਾ ਪਹਿਨਦੇ ਹਨ ਅਤੇ ਪੀਲੇ ਰੰਗ ਦੇ ਹੀ ਪਕਵਾਨ ਬਣਾਏ ਜਾਂਦੇ ਹਨ। ਇਹ ਤਿਉਹਾਰ ਨਾ ਸਿਰਫ ਪ੍ਰਕਿਰਤੀ ਨੂੰ ਸਜਾਉਂਦਾ ਹੈ ਬਲਕਿ ਮਨੁੱਖ ਦੇ ਹਿਰਦੇ ਵਿਚ ਨਵੀਂ ਉਮੰਗ ਅਤੇ ਉਤਸਾਹ ਭਰ ਦਿੰਦਾ ਹੈ। ਸੱਤਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਵੱਲੋਂ ਬਸੰਤ ਪੰਚਮੀ ਤੇ ਕਵਿਤਾ ਦਾ ਉਚਾਰਨ ਕੀਤਾ ਗਿਆ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਰਟ ਐਂਡ ਕ੍ਰਾਫਟ ਅਧਿਆਪਕ ਦੀ ਅਗਵਾਈ ਵਿਚ ਸੁੰਦਰ ਅਤੇ ਆਕਰਸ਼ਕ ਪਤੰਗਾਂ ਬਣਾਈਆਂ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਜਗਦੀਸ਼ ਦੀ ਅਗਵਾਈ ਵਿਚ ਪਤੰਗਬਾਜ਼ੀ ਵੀ ਕੀਤੀ ਗਈ। ਤਿਉਹਾਰ ਦੌਰਾਨ ਸਾਰੇ ਵਿਦਿਆਰਥੀ ਪੀਲੇ ਰੰਗ ਦੇ ਪਕਵਾਨ ਲੈ ਕੇ ਆਏ। ਇਸ ਮੌਕੇ ’ਤੇ ਪ੍ਰਿੰਸੀਪਲ ਰਜਨੀ ਅਰੋੜਾ ਨੇ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਸਾਰਿਆਂ ਦੇ ਜੀਵਨ ਵਿਚ ਖੁਸ਼ੀਆਂ ਅਤੇ ਨਵੀਂ ਉਮੰਗ ਲੈ ਕੇ ਆਵੇ।